ਕੋਲਕਾਤਾ, 28 ਜੁਲਾਈ
ਮਹਾਨ ਆਜ਼ਾਦੀ ਘੁਲਾਟੀਏ ਸੁਭਾਸ਼ ਚੰਦਰ ਬੋਸ ਦੇ ਪੜਪੋਤੇ ਚੰਦਰ ਕੁਮਾਰ ਬੋਸ ਨੇ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ 18 ਅਗਸਤ ਤੱਕ ਨੇਤਾ ਜੀ ਦੀਆਂ ਅਸਥੀਆਂ ਜਪਾਨ ਦੇ ਰੈਂਕੋਜੀ ਮੰਦਰ ਤੋਂ ਵਾਪਸ ਲਿਆਉਣ ਦੀ ਅਪੀਲ ਕੀਤੀ ਹੈ। ਉਨ੍ਹਾਂ ਨਾਲ ਹੀ ਕਿਹਾ ਕਿ ਇਸ ਮਾਮਲੇ ’ਤੇ ਕੇਂਦਰ ਸਰਕਾਰ ਵੱਲੋਂ ਅੰਤਿਮ ਬਿਆਨ ਆਉਣਾ ਚਾਹੀਦਾ ਹੈ ਤਾਂ ਜੋ ਨੇਤਾ ਜੀ ਬਾਰੇ ‘ਝੂਠੇ ਬਿਰਤਾਤਾਂ’ ਨੂੰ ਰੋਕਿਆ ਜਾ ਸਕੇ।
ਬੋਸ ਨੇ ਕਿਹਾ ਕਿ ਕੌਮੀ ਜਮਹੂਰੀ ਗੱਠਜੋੜ (ਐੱਨਡੀਏ) ਦੀ ਅਗਵਾਈ ਵਾਲੀ ਸਰਕਾਰ ਨੇ ਆਜ਼ਾਦੀ ਘੁਲਾਟੀਏ ਨਾਲ ਸਬੰਧਤ ਫਾਈਲਾਂ ਜਨਤਕ ਕਰਨ ਦੀ ਪਹਿਲ ਕੀਤੀ ਹੈ। ਉਨ੍ਹਾਂ ਕਿਹਾ ਕਿ ਸਾਰੀਆਂ ‘10 ਜਾਂਚਾਂ-ਕੌਮੀ ਤੇ ਕੌਮਾਂਤਰੀ’ ਦੀ ਰਿਪੋਰਟ ਜਾਰੀ ਹੋਣ ਮਗਰੋਂ ਇਹ ਸਪਸ਼ਟ ਹੈ ਕਿ ਨੇਤਾਜੀ ਦੀ ਮੌਤ 18 ਅਗਸਤ 1945 ਨੂੰ ਤਾਇਵਾਨ ਵਿੱਚ ਇੱਕ ਹਵਾਈ ਹਾਦਸੇ ਵਿੱਚ ਹੋਈ ਸੀ। ਬੋਸ ਨੇ ਅੱਜ ਪ੍ਰਧਾਨ ਮੰਤਰੀ ਨੂੰ ਲਿਖੇ ਪੱਤਰ ਵਿੱਚ ਕਿਹਾ, ‘‘ਇਸ ਲਈ ਇਹ ਜ਼ਰੂਰੀ ਹੋ ਗਿਆ ਹੈ ਕਿ ਭਾਰਤ ਸਰਕਾਰ ਨੂੰ ਅੰਤਿਮ ਬਿਆਨ ਜਾਰੀ ਕਰੇ, ਤਾਂ ਜੋ ਦੇਸ਼ ਦੇ ਮੁਕਤੀਦਾਤਾ ਬਾਰੇ ਝੂਠੇ ਬਿਰਤਾਂਤਾਂ ਨੂੰ ਰੋਕਿਆ ਜਾ ਸਕੇ।’’ ਉਨ੍ਹਾਂ ਕਿਹਾ, ‘‘ਮੇਰੀ ਤੁਹਾਨੂੰ ਨਿਮਰਤਾ ਸਹਿਤ ਬੇਨਤੀ ਹੈ ਕਿ 18 ਅਗਸਤ 2024 ਤੱਕ ਨੇਤਾ ਜੀ ਦੀਆਂ ਅਸਥੀਆਂ ਰੈਂਕੋਜੀ ਤੋਂ ਵਾਪਸ ਲਿਆਂਦੀਆਂ ਜਾਣ।’’
ਭਾਜਪਾ ਦੀ ਪੱਛਮੀ ਬੰਗਾਲ ਇਕਾਈ ਦੇ ਸਾਬਕਾ ਮੀਤ ਪ੍ਰਧਾਨ ਚੰਦ ਕੁਮਾਰ ਬੋਸ ਨੇ ਇੱਕ ਇੰਟਰਵਿਊ ਵਿੱਚ ਕਿਹਾ ਕਿ ਜਨਤਕ ਕੀਤੀਆਂ ਗਈਆਂ ਖੁਫੀਆ ਫਾਈਲਾਂ ਅਤੇ ਦਸਤਾਵੇਜ਼ਾਂ ਤੋਂ ਸਪਸ਼ਟ ਹੈ ਕਿ ਨੇਤਾਜੀ ਦੀ ਮੌਤ 18 ਅਗਸਤ 1945 ਨੂੰ ਹਵਾਈ ਹਾਦਸੇ ਵਿੱਚ ਹੋਈ ਸੀ। ਉਨ੍ਹਾਂ ਕਿਹਾ ਕਿ ਨੇਤਾ ਜੀ ਆਜ਼ਾਦੀ ਮਗਰੋਂ ਭਾਰਤ ਆਉਣਾ ਚਾਹੁੰਦੇ ਸਨ, ਪਰ ਹਵਾਈ ਹਾਦਸੇ ਮੌਤ ਹੋਣ ਕਾਰਨ ਅਜਿਹਾ ਨਹੀਂ ਹੋ ਸਕਿਆ। -ਪੀਟੀਆਈ