ਜਸਬੀਰ ਸਿੰਘ ਸੱਗੂ
ਅੰਮ੍ਰਿਤਸਰ, 28 ਜੁਲਾਈ
ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵਲੋਂ ਜ਼ਿਲ੍ਹਾ ਅੰਮ੍ਰਿਤਸਰ ਦੇ ਵੱਖ-ਵੱਖ ਜ਼ੋਨਾਂ ਦੀਆਂ ਜਨਰਲ ਬਾਡੀ ਮੀਟਿੰਗਾਂ ਦੇ ਚੱਲਦੇ ਦੌਰ ਅਨੁਸਾਰ ਜ਼ੋਨ ਬਾਉਲੀ ਸਾਹਿਬ ਅਤੇ ਜ਼ੋਨ ਬਾਬਾ ਨੋਧ ਸਿੰਘ ਦੇ ਲਗਪਗ 35 ਦੇ ਕਰੀਬ ਪਿੰਡਾਂ ਦੇ ਆਗੂਆਂ ਦੀਆਂ ਮੀਟਿੰਗਾਂ ਪਿੰਡ ਖਾਹਿਰਾਂ ਅਤੇ ਬਾਸਰਕੇ ਗਿੱਲਾਂ ਵਿਖੇ ਸੂਬਾ ਆਗੂ ਸਰਵਣ ਸਿੰਘ ਪੰਧੇਰ, ਗੁਰਬਚਨ ਸਿੰਘ ਚੱਬਾ, ਜਿਲ੍ਹਾ ਆਗੂ ਲਖਵਿੰਦਰ ਸਿੰਘ ਡਾਲਾ ਦੀ ਅਗਵਾਈ ਹੇਠ ਹੋਈਆਂ। ਆਗੂਆਂ ਨੇ ਦੱਸਿਆ ਕਿ ਦਿੱਲੀ ਅੰਦੋਲਨ-2 ਨੂੰ ਹੋਰ ਤੇਜ਼ ਕਰਨ ਲਈ ਮੋਰਚੇ ਦੀ ਮੌਜੂਦਾ ਸਥਿਤੀ, ਮੋਰਚੇ ਪ੍ਰਤੀ ਸਮਝ ਅਤੇ ਪ੍ਰਚਾਰ ਪ੍ਰਸਾਰ ਲਈ ਮੀਟਿੰਗਾਂ ਦੇ ਦੌਰ ਚੱਲ ਰਹੇ ਹਨ। ਉਨ੍ਹਾਂ ਕਿਹਾ ਕਿ ਕਿਸਾਨਾਂ ਤੇ ਮਜ਼ਦੂਰਾਂ ਵਿੱਚ ਕੇਂਦਰ ਸਰਕਾਰ ਪ੍ਰਤੀ ਭਾਰੀ ਰੋਸ ਹੈ ਅਤੇ ਉਹ ਮੰਗਾਂ ਦੇ ਹੱਲ ਲਈ ਲੰਬੇ ਸੰਘਰਸ਼ ਲਈ ਤਿਆਰ ਬਰ ਤਿਆਰ ਹਨ। ਉਨਾਂ ਕਿਹਾ ਕਿ 1 ਅਗਸਤ ਨੂੰ ਹਰਿਆਣਾ ਸਰਕਾਰ ਵੱਲੋਂ ਸ਼ਾਂਤਮਈ ਦਿੱਲੀ ਕੂਚ ਕਰਦੇ ਕਿਸਾਨਾਂ ਮਜ਼ਦੂਰਾਂ ਉਤੇ ਗੋਲੀਆਂ, ਅੱਥਰੂ ਗੈਸ ਦੇ ਗੋਲੇ ਚਲਾਉਣ ਵਾਲੇ 6 ਪੁਲੀਸ ਅਧਿਕਾਰੀਆਂ ਨੂੰ ਬਹਾਦਰੀ ਐਵਾਰਡ ਦੇਣ ਦੇ ਵਿਰੋਧ ਵਿੱਚ ਮੋਟਰਸਾਈਕਲ ਮਾਰਚ ਕਰਕੇ ਡੀਸੀ ਕੰਪਲੈਕਸ ’ਤੇ ਮੋਦੀ ਅਤੇ ਹਰਿਆਣਾ ਸਰਕਾਰ ਦਾ ਪੁਤਲਾ ਫੂਕਿਆ ਜਾਵੇਗਾ, 15 ਅਗਸਤ ਨੂੰ ਟਰੈਕਟਰ ਮਾਰਚ ਕੱਢਿਆ ਜਾਵੇਗਾ ਤੇ ਲੋਕ ਵਿਰੋਧੀ ਨਵੇਂ ਕਾਨੂੰਨ ਦੀਆਂ ਕਾਪੀਆਂ ਸਾੜੀਆਂ ਜਾਣਗੀਆਂ।
ਇਸ ਮੌਕੇ ਕੁਲਵੰਤ ਸਿੰਘ ਰਾਜਾਤਾਲ, ਬਲਜਿੰਦਰ ਸਿੰਘ ਸਭਰਾਂ, ਗੁਰਤੇਜ ਸਿੰਘ ਜਠੌਲ, ਸੁਖਦੇਵ ਸਿੰਘ ਜਸਪਾਲ ਸਿੰਘ, ਮੇਜਰ ਸਿੰਘ ਬਾਸਰਕੇ, ਦਿਲਬਾਗ ਸਿੰਘ ਖਾਪੜਖੇੜੀ, ਮੰਗਤ ਸਿੰਘ, ਗੁਰਦੀਪ ਸਿੰਘ ਭਕਨਾ ਕਲਾਂ ਹਵੇਲੀਆਂ, ਜੋਗਾ ਸਿੰਘ ਖਾਹਿਰਾ, ਮੰਗਜੀਤ ਸਿੰਘ ਸਿੱਧਵਾਂ, ਕਰਨਜੀਤ ਸਿੰਘ ਭਕਨਾਂ ਖੁਰਦ, ਡਾ: ਬਲਵਿੰਦਰ ਸਿੰਘ ਬਿੱਲਾ ਚੱਬਾ, ਮਗਵਿੰਦਰ ਸਿੰਘ ਮੰਡਿਆਲਾ ਹਾਜ਼ਰ ਸਨ।
ਜ਼ਮਹੂਰੀ ਕਿਸਾਨ ਸਭਾ ਨੇ ਕੇਂਦਰੀ ਬਜਟ ਦੀਆਂ ਕਾਪੀਆਂ ਸਾੜੀਆਂ
ਅਜਨਾਲਾ (ਪੱਤਰ ਪ੍ਰੇਰਕ): ਜਮਹੂਰੀ ਕਿਸਾਨ ਸਭਾ ਦੇ ਸੂਬਾ ਪ੍ਰਧਾਨ ਡਾ. ਸਤਨਾਮ ਸਿੰਘ ਅਜਨਾਲਾ ਦੀ ਅਗਵਾਈ ਹੇਠ ਇਕੱਠੇ ਹੋਏ ਕਿਸਾਨਾਂ ਨੇ ਅੱਜ ਅਜਨਾਲਾ ਤੋਂ ਅੰਮ੍ਰਿਤਸਰ ਮੁੱਖ ਸੜਕ ’ਤੇ ਬਜਟ ਦੀਆਂ ਕਾਪੀਆਂ ਫੂਕਦਿਆਂ ਕੇਂਦਰ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ। ਇਸ ਮੌਕੇ ਡਾ. ਸਤਨਾਮ ਸਿੰਘ ਅਜਨਾਲਾ ਨੇ ਕਿਹਾ ਕਿ ਕੇਂਦਰੀ ਵਿੱਤ ਮੰਤਰੀ ਸੀਤਾਰਮਨ ਨੇ ਜਿਹੜਾ ਬਜ਼ਟ ਪੇਸ਼ ਕੀਤਾ ਉਹ ਗ਼ਰੀਬਾਂ ਤੇ ਆਮ ਲੋਕਾਂ ਨੂੰ ਕੋਈ ਰਾਹਤ ਨਹੀ ਦਿੰਦਾ ਸਗੋਂ ਇਹ ਕਾਰਪੋਰੇਟ ਪੱਖੀ ਤੇ ਵੱਡੇ ਘਰਾਣਿਆ ਨੂੰ ਮੁਨਾਫ਼ੇ ਦੇਣ ਵਾਲਾ ਹੈ। ਉਨ੍ਹਾਂ ਕਿਹਾ ਕਿ ਬਜਟ ਵਿੱਚ ਖੇਤੀ ਨੂੰ ਪੂਰੀ ਤਰ੍ਹਾਂ ਅਣਗੋਲਿਆ ਕੀਤਾ ਗਿਆ। ਇਸੇ ਤਰ੍ਹਾਂ ਮਨਰੇਗਾ ਮਜ਼ਦੂਰ ਵੀ ਪ੍ਰੇਸ਼ਾਨ ਹਨ।