ਵਿਜੈ ਮੋਹਨ
ਚੰਡੀਗੜ੍ਹ, 28 ਜੁਲਾਈ
ਭਾਖੜਾ ਬਿਆਸ ਮੈਨੇਜਮੈਂਟ ਬੋਰਡ (ਬੀਬੀਐੱਬੀ) ਭਾਖੜਾ ਅਤੇ ਪੌਂਗ ਡੈਮਾਂ ਦੇ ਜਲ ਭੰਡਾਰਾਂ ਦੇ ਆਲੇ-ਦੁਆਲੇ ਕਈ ‘ਮਿੰਨੀ ਡੈਮ’ ਬਣਾਉਣ ਦੀਆਂ ਸੰਭਾਵਨਾਵਾਂ ਤਲਾਸ਼ ਰਿਹਾ ਹੈ ਜਿਸ ਨਾਲ ਬਿਜਲੀ ਦੀ ਵਧਦੀ ਮੰਗ ਨੂੰ ਪੂਰਾ ਕਰਨ ਲਈ ਕਈ ਹਜ਼ਾਰ ਮੈਗਾਵਾਟ ਵਾਧੂ ਗਰੀਨ ਊਰਜਾ ਪੈਦਾ ਕੀਤੀ ਜਾ ਸਕੇਗੀ। ਬੀਬੀਐੱਮਬੀ ਦੇ ਇੱਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਇਸ ਸਬੰਧੀ ਰਿਪੋਰਟ ਤਿਆਰ ਕੀਤੀ ਗਈ ਹੈ ਅਤੇ ਪੰਜ ਥਾਵਾਂ ਦੀ ਪਛਾਣ ਵੀ ਕਰ ਲਈ ਹੈ ਜਿੱਥੇ ਅਜਿਹੇ ਡੈਮ ਬਣਾਏ ਜਾਣਗੇ। ਉਨ੍ਹਾਂ ਕਿਹਾ ਕਿ ਇਨ੍ਹਾਂ ‘ਮਿੰਨੀ ਡੈਮਾਂ’ ਨੂੰ ਪੰਪ ਪਾਵਰ ਸਟੋਰੇਜ ਪਲਾਂਟ (ਪੀਐੱਸਪੀ) ਕਿਹਾ ਜਾਂਦਾ ਹੈ।
ਉਨ੍ਹਾਂ ਕਿਹਾ ਕਿ ਪੀਐੱਸਪੀ ਤਹਿਤ ਪਾਣੀ ਮੁੱਖ ਜਲ ਭੰਡਾਰ ਤੋਂ ਪੰਪ ਕਰ ਕੇ ਉੱਚੇ ਜਲ ਭੰਡਾਰ ਤੱਕ ਚੜ੍ਹਾਇਆ ਜਾਂਦਾ ਹੈ, ਜੋ ਟਰਬਾਈਨਾਂ ਰਾਹੀਂ ਵਾਪਸ ਵਹਿੰਦਾ ਹੈ। ਉਨ੍ਹਾਂ ਕਿਹਾ ਬਿਜਲੀ ਦੀ ਮੰਗ ਘਟਣ ਦੀ ਸੂਰਤ ਵਿੱਚ ਵਾਧੂ ਬਿਜਲੀ ਦੀ ਵਰਤੋਂ ਉੱਚਾਈ ਵਾਲੇ ਜਲ ਭੰਡਾਰਾਂ ਵਿੱਚ ਪਾਣੀ ਚੜ੍ਹਾਉਣ ਲਈ ਕੀਤੀ ਜਾ ਸਕਦੀ ਹੈ। ਇਸ ਤਰ੍ਹਾਂ ਵਿਸ਼ਾਲ ਬੈਟਰੀ ਊਰਜਾ ਭੰਡਾਰ ਬਣਾਇਆ ਜਾ ਸਕਦਾ ਹੈ। ਮੰਗ ਵਧਣ ’ਤੇ ਇਸ ਊਰਜਾ ਨਾਲ ਫੌਰੀ ਬਿਜਲੀ ਪੈਦਾ ਕੀਤੀ ਜਾ ਸਕਦੀ ਹੈ। ਥਰਮਲ ਪਲਾਂਟਾਂ ਦੇ ਛੇ-ਦਸ ਘੰਟਿਆਂ ਦੇ ਮੁਕਾਬਲੇ ਪੰਪ ਪਾਵਰ ਸਟੋਰੇਜ ਪਲਾਂਟ 75-120 ਸੈਕਿੰਡ ਵਿੱਚ ਚਾਲੂ ਹੋ ਜਾਂਦਾ ਹੈ।
ਉਨ੍ਹਾਂ ਕਿਹਾ ਕਿ ਮਿੰਨੀ ਡੈਮਾਂ ਦਾ ਆਕਾਰ 100 ਫੁੱਟ ਉੱਚਾ ਅਤੇ 400 ਫੁੱਟ ਲੰਬਾ ਹੋ ਸਕਦਾ ਹੈ। ਇੱਕ ਬੰਨ੍ਹ ਤੋਂ 1500 ਮੈਗਾਵਾਟ ਬਿਜਲੀ ਪੈਦਾ ਕੀਤੀ ਜਾ ਸਕਦੀ ਹੈ। ਭਾਖੜਾ ਤੇ ਪੌਂਡ ’ਤੇ ਪੀਐਸਪੀ ਉੱਤੇ ਲਗਪਗ 6,000 ਕਰੋੜ ਰੁਪਏ ਲਾਗਤ ਆਉਣ ਦਾ ਅਨੁਮਾਨ ਹੈ।