ਪਵਨ ਗੋਇਲ
ਭੁੱਚੋ ਮੰਡੀ, 28 ਜੁਲਾਈ
ਬਠਿੰਡਾ-ਜ਼ੀਰਕਪੁਰ ਕੌਮੀ ਮਾਰਗ ’ਤੇ ਭੁੱਚੋ ਮਾਰਬਲ ਮਾਰਕੀਟ ਨਜ਼ਦੀਕ ਸੜਕ ’ਤੇ ਬਣਾਇਆ ਗਿਆ ਸਪੀਡ ਬ੍ਰੇਕਰ ਲੋਕਾਂ ਦੀ ਜਾਨ ਦਾ ਖੌਅ ਬਣਿਆ ਹੋਇਆ ਹੈ। ਇਸ ਹੰਪ ’ਤੇ ਹਰ ਦਿਨ ਵਾਹਨ ਖਾਸ ਕਰ ਕੇ ਦੋਪਹੀਆ ਵਾਹਨ ਹਾਦਸਿਆਂ ਦਾ ਸ਼ਿਕਾਰ ਹੋ ਰਹੇ ਹਨ। ਇਸ ਸਪੀਡ ਬ੍ਰੇਕਰ ’ਤੇ ਅਧਿਕਾਰੀਆਂ ਵੱਲੋਂ ਕੋਈ ਰੰਗ ਨਾ ਕੀਤਾ ਹੋਣ ਕਾਰਨ ਇਸ ਦਾ ਬਿੱਲਕੁੱਲ ਨੇੜੇ ਆ ਕੇ ਪਤਾ ਚੱਲਦਾ ਹੈ। ਤੇਜ਼ੀ ਨਾਲ ਆ ਰਹੇ ਵਾਹਨ ਬੇਕਾਬੂ ਹੋ ਜਾਂਦੇ ਹਨ। ਹਰ ਸਮੇਂ ਹਾਦਸਿਆਂ ਦਾ ਖ਼ਦਸ਼ਾ ਬਣਿਆ ਰਹਿੰਦਾ ਹੈ। ਮਾਰਬਲ ਮਾਰਕੀਟ ਦੇ ਦੁਕਾਨਦਾਰਾਂ ਨੇ ਦੱਸਿਆ ਕਿ ਇਸ ਥਾਂ ਹਰ ਰੋਜ਼ ਹਾਦਸੇ ਵਾਪਰ ਰਹੇ ਹਨ ਪਰ ਨੈਸ਼ਨਲ ਹਾਈਵੇਅ ਅਥਾਰਿਟੀ ਆਫ਼ ਇੰਡੀਆ ਦੇ ਅਧਿਕਾਰੀ ਇਸ ਗੰਭੀਰ ਸਮੱਸਿਆ ਵੱਲ ਉੱਕਾ ਹੀ ਧਿਆਨ ਨਹੀਂ ਦੇ ਰਹੇ। ਉਨ੍ਹਾਂ ਕਿਹਾ ਕਿ ਕੌਮੀ ਮਾਰਗ ’ਤੇ ਇਸ ਹੰਪ ਦੇ ਬਣਾਉਣ ਦਾ ਮਕਸਦ ਵੀ ਕਿਸੇ ਨੂੰ ਸਮਝ ਨਹੀਂ ਆ ਰਿਹਾ। ਉਨ੍ਹਾਂ ਅਧਿਕਾਰੀਆਂ ਤੋਂ ਮੰਗ ਕੀਤੀ ਕਿ ਇਸ ਹੰਪ ਨੂੰ ਜਲਦੀ ਹਟਾਇਆ ਜਾਵੇ।