ਨਵੀਂ ਦਿੱਲੀ, 29 ਜੁਲਾਈ
ਇੱਥੋਂ ਦੇ ਪੁਰਾਣੇ ਰਾਜਿੰਦਰ ਨਗਰ ਵਿਚ ਆਈਏਐਸ ਕੋਚਿੰਗ ਸੈਂਟਰ ਵਿਚ ਤਿੰਨ ਵਿਦਿਆਰਥੀਆਂ ਦੀ ਮੌਤ ਤੋਂ ਬਾਅਦ ਨਗਰ ਨਿਗਮ ਨੇ ਇਕ ਜੂਨੀਅਰ ਇੰਜਨੀਅਰ ਨੂੰ ਬਰਖਾਸਤ ਕਰ ਦਿੱਤਾ ਹੈ ਜਦਕਿ ਇਕ ਅਸਿਸਟੈਂਟ ਇੰਜਨੀਅਰ ਨੂੰ ਮੁਅੱਤਲ ਕਰ ਦਿੱਤਾ ਹੈ। ਇਸ ਮਾਮਲੇ ’ਤੇ ਭਾਜਪਾ ਵੱਲੋਂ ਆਪ ਸਰਕਾਰ ਖ਼ਿਲਾਫ਼ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ, ਪ੍ਰਦਰਸ਼ਨਕਾਰੀਆਂ ਦਾ ਰੋਸ ਵਧਦਾ ਦੇਖ ਪੁਲੀਸ ਨੇ ਉਨ੍ਹਾਂ ਨੂੰ ਖਿੰਡਾਉਣ ਲਈ ਪਾਣੀ ਦੀਆਂ ਬੌਛਾੜਾਂ ਮਾਰੀਆਂ। ਇਸ ਮਾਮਲੇ ਵਿਚ ਪੁਲੀਸ ਨੇ ਸੱਤ ਜਣਿਆਂ ਨੂੰ ਗ੍ਰਿਫਤਾਰ ਕਰ ਲਿਆ ਹੈ। ਇਸ ਦੀ ਪੁਸ਼ਟੀ ਡੀਸੀਪੀ ਸੈਂਟਰਲ ਐਮ. ਹਰਸ਼ਵਰਧਨ ਨੇ ਕੀਤੀ ਹੈ। ਇਸ ਮਾਮਲੇ ਵਿਚ ਹੁਣ ਤਕ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਦੀ ਗਿਣਤੀ ਸੱਤ ਹੋ ਗਈ ਹੈ। ਜ਼ਿਕਰਯੋਗ ਹੈ ਕਿ 27 ਜੁਲਾਈ ਨੂੰ ਦਿੱਲੀ ਦੇ ਕੁਝ ਹਿੱਸਿਆਂ ਵਿਚ ਪਏ ਮੀਂਹ ਮਗਰੋਂ ਕੋਚਿੰਗ ਸੈਂਟਰ ਦੀ ਬੇਸਮੈਂਟ ਵਿਚ ਅਚਾਨਕ ਪਾਣੀ ਭਰ ਗਿਆ ਸੀ। ਇਹ ਤਿੰਨੋਂ ਵਿਦਿਆਰਥੀ ਬੇਸਮੈਂਟ ਵਿਚ ਫਸ ਗਏ ਸਨ।