ਬੀਰ ਇੰਦਰ ਸਿੰਘ ਬਨਭੌਰੀ
ਸੁਨਾਮ ਊਧਮ ਸਿੰਘ ਵਾਲਾ, 29 ਜੁਲਾਈ
ਜਾਖਲ-ਲੁਧਿਆਣਾ ਰੇਲਵੇ ਸੈਕਸ਼ਨ ਦੇ ਰੇਲਵੇ ਸਟੇਸ਼ਨ ਗੋਬਿੰਦਗੜ੍ਹ ਖੋਖਰ ’ਤੇ ਯਾਤਰੀ ਰੇਲ ਗੱਡੀਆਂ ਦੇ ਠਹਿਰਾਅ ਦੀ ਮੰਗ ਜ਼ੋਰ ਫੜਨ ਲੱਗੀ ਹੈ। ਇਸ ਸਬੰਧੀ ਲੋਕਾਂ ਨੇ ਕੱਲ੍ਹ ਰੇਲਵੇ ਤੇ ਫੂਡ ਪ੍ਰੋਸੈਸਿੰਗ ਉਦਯੋਗ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੂੰ ਮੰਗ ਪੱਤਰ ਵੀ ਸੌਂਪਿਆ। ਮੰਗ ਪੱਤਰ ਦੇਣ ਵਾਲੇ ਵਫ਼ਦ ਦੀ ਅਗਵਾਈ ਕਰਨ ਵਾਲੇ ਪ੍ਰਵੀਨ ਖੋਖਰ ਅਤੇ ਲੱਕੀ ਖੋਖਰ ਦੱਸਿਆ ਕਿ ਪਿੰਡ ਸੰਗਤਪੁਰਾ, ਚੰਗਾਲੀ ਵਾਲਾ, ਅੜਕਵਾਸ, ਗੰਡੂਆਂ, ਭੈਣੀ ਸਮੇਤ ਕਰੀਬ ਅੱਧੀ ਦਰਜਨ ਪਿੰਡਾਂ ਦੇ ਲੋਕਾਂ ਦੀ ਇਹ ਵੱਡੀ ਸਮੱਸਿਆ ਕਾਫੀ ਸਮੇਂ ਤੋਂ ਲਟਕ ਰਹੀ ਹੈ। ਉਨ੍ਹਾਂ ਕਿਹਾ ਕਿ ਯਾਤਰੀ ਰੇਲ ਗੱਡੀਆਂ ਇਸ ਸਟੇਸ਼ਨ ’ਤੇ ਰੁਕਣ ਨਾਲ ਇਨ੍ਹਾਂ ਪਿੰਡਾਂ ਦੇ ਲੋਕਾਂ ਦੀਆਂ ਬਹੁਤ ਸਾਰੀਆਂ ਸੱਮਸਿਆਵਾਂ ਦਾ ਹੱਲ ਹੋ ਜਾਵੇਗਾ। ਉਨ੍ਹਾਂ ਦੱਸਿਆ ਕਿ ਇਸ ਦੌਰਾਨ ਕੇਂਦਰੀ ਰੇਲ ਮੰਤਰੀ ਅਸ਼ਵਨੀ ਵੈਸ਼ਨਵ ਦੇ ਨਾਮ ਵੀ ਰਵਨੀਤ ਬਿੱਟੂ ਨੂੰ ਮੰਗ ਪੱਤਰ ਸੌਂਪਿਆ।
ਉਨ੍ਹਾਂ ਕਿਹਾ ਕਿ ਇਸ ਸਟੇਸ਼ਨ ਤੋਂ ਸੁਨਾਮ, ਸੰਗਰੂਰ, ਲਹਿਰਾਗਾਗਾ, ਜਾਖਲ, ਧੂਰੀ, ਲੁਧਿਆਣਾ ਅਤੇ ਮਾਲੇਰਕੋਟਲਾ ਆਦਿ ਸ਼ਹਿਰਾਂ ’ਚੋਂ ਸੈਂਕੜੇ ਲੋਕ ਆਪਣੇ ਕੰਮਾਂ ਕਾਰਾਂ ਲਈ ਆਉਂਦੇ ਜਾਂਦੇ ਹਨ ਜੇਕਰ ਇਸ ਸਟੇਸ਼ਨ ’ਤੇ ਯਾਤਰੀ ਰੇਲ ਗੱਡੀਆਂ ਰੁਕਣ ਲੱਗ ਜਾਣ ਤਾਂ ਉਨ੍ਹਾਂ ਦੀਆਂ ਪ੍ਰੇਸ਼ਾਨੀਆਂ ਦਾ ਹੱਲ ਹੋ ਜਾਵੇਗਾ। ਉਨ੍ਹਾਂ ਦੱਸਿਆ ਕਿ ਕੇਂਦਰੀ ਰਾਜ ਮੰਤਰੀ ਨੇ ਮੰਗ ਪੱਤਰ ਲੈਣ ਉਪਰੰਤ ਭਰੋਸਾ ਦਿੱਤਾ ਕਿ ਉਨ੍ਹਾਂ ਦੀਆਂ ਸੱਮਸਿਆ ਦਾ ਹੱਲ ਹੋ ਜਾਵੇਗਾ।