ਨਿੱਜੀ ਪੱਤਰ ਪ੍ਰੇਰਕ
ਸ੍ਰੀ ਮੁਕਤਸਰ ਸਾਹਿਬ, 29 ਜੁਲਾਈ
ਮੁਕਤਸਰ ਪੁਲੀਸ ਨੇ ਜ਼ਿਲ੍ਹਾ ਜੇਲ੍ਹ ਅੰਦਰ ਗੈਰਕਾਨੂੰਨੀ ਗਤੀਵਿਧੀਆਂ ਦੀ ਪੈੜ ਨੱਪਣ ਲਈ ਬਰੀਕੀ ਨਾਲ ਛਾਣ-ਬੀਣ ਕੀਤੀ। ਇਸ ਸਬੰਧੀ ਜ਼ਿਲ੍ਹਾ ਪੁਲੀਸ ਮੁਖੀ ਭਗੀਰਥ ਸਿੰਘ ਮੀਨਾ ਨੇ ਦੱਸਿਆ ਕਿ ਇਸ ਚੈਕਿੰਗ ਵਿੱਚ ਮਨਮੀਤ ਸਿੰਘ ਢਿੱਲੋਂ ਐੱਸ.ਪੀ. (ਡੀ), ਸਤਨਾਮ ਸਿੰਘ ਡੀਐੱਸਪੀ (ਸ੍ਰੀ ਮੁਕਤਸਰ ਸਾਹਿਬ), ਜਸਪਾਲ ਸਿੰਘ ਡੀਐੱਸਪੀ (ਡੀ), ਈਸ਼ਾਨ ਸਿੰਗਲਾ ਡੀਐੱਸਪੀ (ਐੱਨਡੀਪੀਐੱ.), ਮੁੱਖ ਅਫਸਰਾਨ ਥਾਣਾ ਤੋਂ ਇਲਾਵਾ 150 ਦੇ ਕਰੀਬ ਪੁਲੀਸ ਅਧਿਕਾਰੀਆਂ ਅਤੇ ਕਰਮਚਾਰੀਆਂ ਵੱਲੋਂ ਸੁਪਰਡੈਂਟ ਜੇਲ੍ਹ ਵਰੁਣ ਕੁਮਾਰ ਨਾਲ ਮਿਲ ਕੇ ਅਚਨਚੇਤ ਜੇਲ੍ਹ ਅੰਦਰ ਚੈਕਿੰਗ ਕੀਤੀ ਗਈ ਜੋ ਲਗਪਗ 2 ਘੰਟੇ ਤੱਕ ਚਲਾਈ ਗਈ। ਚੈਕਿੰਗ ਦੌਰਾਨ ਸਾਰੀਆਂ ਬੈਰਕਾਂ, ਜੇਲ੍ਹ ਦੇ ਅੰਦਰ ਆਉਣ ਅਤੇ ਬਾਹਰ ਜਾਣ ਵਾਲੇ ਰਸਤਿਆਂ, ਕੈਦੀਆਂ ਅਤੇ ਹਵਾਲਾਤੀਆਂ ਦੀ ਤਲਾਸ਼ੀ ਲਈ ਗਈ। ਇਸ ਦੇ ਨਾਲ ਹੀ ਜੇਲ੍ਹ ਦੇ ਅੰਦਰ ਅਤੇ ਬਾਹਰ ਦੀਆਂ ਕੰਧਾਂ ਦੇ ਨਾਲ ਲੱਗਦੀਆਂ ਥਾਵਾਂ ’ਤੇ ਵੀ ਤਲਾਸ਼ੀ ਲਈ ਗਈ। ਉਨ੍ਹਾਂ ਕਿਹਾ ਕਿ ਇਸ ਸਰਚ ਅਪਰੇਸ਼ਨ ਦਾ ਮੁੱਖ ਉਦੇਸ਼ ਨਸ਼ਿਆਂ ਅਤੇ ਜੇਲ੍ਹ ਅੰਦਰ ਗੈਂਗਸਟਰਾਂ ਦੇ ਨੈਟਵਰਕ ਨੂੰ ਤੋੜਨਾ ਹੈ। ਉਨ੍ਹਾਂ ਕਿਹਾ ਕਿ ਸ਼ਰਾਰਤੀ ਅਨਸਰਾਂ ਨੂੰ ਬਖਸ਼ਿਆ ਨਹੀਂ ਜਾਵੇਗਾ ਤੇ ਇਹ ਚੈਕਿੰਗ ਇਸੇ ਤਰ੍ਹਾਂ ਚੱਲਦੀ ਰਹੇਗੀ।