ਖੇਤਰੀ ਪ੍ਰਤੀਨਿਧ
ਬਰਨਾਲਾ, 29 ਜੁਲਾਈ
ਇੱਥੇ ਪੱਤੀ ਰੋਡ ਦੇ ਵਸਨੀਕ ਇੱਕ ਦਲਿਤ ਪਰਿਵਾਰ ਦੇ ਘਰ ਨੂੰ ਜਿੰਦਰਾ ਲਗਾਉਣ ਦੇ ਲੱਗੇ ਨੋਟਿਸ ਦੇ ਮੱਦੇਨਜ਼ਰ ਅੱਜ ਮਜ਼ਦੂਰ ਕਿਸਾਨ ਜਥੇਬੰਦੀਆਂ ’ਤੇ ਆਧਾਰਿਤ ਗਠਿਤ ‘ਕੁਰਕੀ ਰੋਕੋ ਮੋਰਚੇ’ ਵੱਲੋਂ ਉਕਤ ਘਰ ਅੱਗੇ ਸਵੇਰ ਤੋਂ ਕੁਰਕੀ ਟੀਮ ਦੀ ਆਮਦ ਦੇ ਵਿਰੋਧ ਹਿੱਤ ਧਰਨਾ ਸ਼ੁਰੂ ਕਰ ਦਿੱਤਾ ਗਿਆ।
ਧਰਨੇ ਨੂੰ ਸੰਬੋਧਨ ਕਰਦਿਆਂ ਮੋਰਚੇ ’ਚ ਸ਼ਾਮਲ ਮਜ਼ਦੂਰ ਅਧਿਕਾਰ ਅੰਦੋਲਨ ਪੰਜਾਬ ਦੇ ਸੂਬਾਈ ਆਗੂ ਕਾ. ਲਾਭ ਸਿੰਘ ਅਕਲੀਆ, ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੇ ਜ਼ਿਲ੍ਹਾ ਪ੍ਰਧਾਨ ਚਮਕੌਰ ਸਿੰਘ ਨੈਣੇਵਾਲ, ਇਨਕਲਾਬੀ ਕੇਂਦਰ ਪੰਜਾਬ ਦੇ ਜ਼ਿਲ੍ਹਾ ਪ੍ਰਧਾਨ ਡਾ. ਰਜਿੰਦਰਪਾਲ ਅਤੇ ਮਜ਼ਦੂਰ ਮੁਕਤੀ ਮੋਰਚਾ ਦੇ ਸੂਬਾਈ ਆਗੂ ਮੱਖਣ ਸਿੰਘ ਰਾਮਗੜ੍ਹ ਨੇ ਕਿਹਾ ਕਿ ਸਥਾਨਕ ਪੱਤੀ ਰੋਡ ਵਾਸੀ ਦਲਿਤ ਮਜ਼ਦੂਰ ਬਸੰਤ ਕੁਮਾਰ ਪਰਿਵਾਰ ਨੇ ਕਰੀਬ ਦਸ ਸਾਲ ਪਹਿਲਾਂ ਇਹ ਘਰ ਪਾਉਣ ਲਈ ਸਥਾਨਕ ਆਈ ਡੀ ਬੀ ਆਈ ਬੈਂਕ ਪਾਸੋਂ 6 ਲੱਖ 61 ਹਜ਼ਾਰ ਦੇ ਕਰੀਬ ਕਰਜ਼ਾ ਲਿਆ ਸੀ, ਜਿਸ ਦੇ ਵਿਆਜ ਸਮੇਤ ਕਰੀਬ ਦਸ ਲੱਖ ਤੋਂ ਵੱਧ ਮੋੜਿਆ ਵੀ ਜਾ ਚੁੱਕਾ ਹੈ। ਕਰੋਨਾ ਮਹਾਮਾਰੀ ਦੌਰਾਨ ਘਰ ਦੇ ਮੁਖੀ ਤੇ ਕਮਾਊ ਕਰਜ਼ਾ ਧਾਰਕ ਬਸੰਤ ਕੁਮਾਰ ਦੀ ਮੌਤ ਹੋ ਗਈ, ਪਰ ਪਿੱਛੋਂ ਬੈਂਕ ਵੱਲੋਂ ਗਿਆਰਾਂ ਲੱਖ ਰੁਪਏ ਦੀ ਹੋਰ ਮੰਗ ਕੀਤੀ ਜਾ ਰਹੀ ਹੈ, ਜੋ ਪਰਿਵਾਰ ਦੇਣ ਤੋਂ ਅਸਮਰੱਥ ਹੈ।
ਅੱਜ ਘਰ ਦੀ ਕੁਰਕੀ ਕਰਨ ਅਤੇ ਘਰ ਨੂੰ ਜਿੰਦਰਾ ਲਾਉਣ ਲਈ ਲਾਏ ਨੋਟਿਸ ਕਾਰਨ ਮਜ਼ਦੂਰ ਕਿਸਾਨ ਜਥੇਬੰਦੀਆਂ ਵੱਲੋਂ ਸਾਂਝੇ ਤੌਰ ’ਤੇ ਜਬਰਦਸਤ ਵਿਰੋਧ ਕੀਤਾ ਗਿਆ ਅਤੇ ਘਰ ਦੇ ਗੇਟ ਅੱਗੇ ਧਰਨਾ ਲਾ ਕੇ ਸਰਕਾਰ ਦੇ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ, ਸਿੱਟੇ ਵਜੋਂ ਕੋਈ ਵੀ ਅਧਿਕਾਰੀ ਕੁਰਕੀ ਕਰਨ ਨਹੀਂ ਆਇਆ। ਆਗੂਆਂ ਨੇ ਮੰਗ ਕੀਤੀ ਕਿ ਮ੍ਰਿਤਕ ਮਜ਼ਦੂਰ ਬਸੰਤ ਕੁਮਾਰ ਸਿਰ ਖੜ੍ਹਾ ਕਰਜ਼ਾ ਮੁਆਫ਼ ਕੀਤਾ ਜਾਵੇ ਤੇ ਕੁਰਕੀ ਦੇ ਹੁਕਮ ਰੱਦ ਕੀਤੇ ਜਾਣ। ਇਸ ਮੌਕੇ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਮਨਜੀਤ ਰਾਜ, ਬੀਕੇਯੂ ਉਗਰਾਹਾਂ ਔਰਤ ਵਿੰਗ ਦੀ ਜ਼ਿਲ੍ਹਾ ਕਨਵੀਨਰ ਕਮਲਜੀਤ ਕੌਰ ਬਰਨਾਲਾ, ਭਾਰਤੀ ਕਿਸਾਨ ਯੂਨੀਅਨ ਡਕੌਂਦਾ ਧਨੇਰ ਦੇ ਬਲਾਕ ਪ੍ਰਧਾਨ ਬਾਬੂ ਸਿੰਘ ਖੁੱਡੀ ਕਲਾਂ ਤੋਂ ਇਲਾਵਾ ਨਛੱਤਰ ਸਿੰਘ ਰਾਮਨਗਰ, ਜਰਨੈਲ ਸਿੰਘ ਜਵੰਧਾ, ਸ਼ਿੰਗਾਰਾ ਸਿੰਘ ਚੁਹਾਨ ਕੇ ਕਲਾਂ ਭਗਤ ਸਿੰਘ ਛੰਨਾਂ ਨੇ ਵੀ ਵਿਚਾਰ ਰੱਖੇ।