ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 29 ਜੁਲਾਈ
ਰਾਹੋਂ ਰੋਡ ਦੇ ਪਿੰਡ ਗੌਂਸਗੜ੍ਹ ਇਲਾਕੇ ’ਚ ਰਹਿਣ ਵਾਲੇ ਇੱਕ ਪਰਿਵਾਰ ਨੇ ਪਟਵਾਰੀ ’ਤੇ ਜ਼ਮੀਨ ਦੀ ਗਲਤ ਮਿਣਤੀ ਦਰਜ ਕਰਨ ਦਾ ਦੋਸ਼ ਲਾਇਆ। ਉਨ੍ਹਾਂ ਕਿਹਾ ਕਿ ਹੁਣ ਸਰਕਾਰ ਉਨ੍ਹਾਂ ਦੀ ਜ਼ਮੀਨ ਦੀ ਕੁਰਕੀ ਕਰ ਰਹੀ ਹੈ ਤਾਂ ਕਿ ਉੱਥੇ ਹਾਈਵੇਅ ਬਣਾਇਆ ਜਾ ਸਕੇ। ਪੀੜਤ ਪਰਿਵਾਰ ਨੇ ਸੋਮਵਾਰ ਨੂੰ ਡੀਸੀ ਸਾਕਸ਼ੀ ਸਾਹਨੀ ਨਾਲ ਮੁਲਾਕਾਤ ਕੀਤੀ। ਉਨ੍ਹਾਂ ਨੇ ਡੀਸੀ ਨੂੰ ਸਾਰੀ ਗੱਲ ਦੱਸੀ ਅਤੇ ਕਿਹਾ ਕਿ ਜੇਕਰ ਪ੍ਰਸਾਸ਼ਨ ਨੇ ਉਨ੍ਹਾਂ ਨਾਲ ਇਨਸਾਫ਼ ਨਾ ਕੀਤਾ ਤਾਂ ਉਹ ਖੁਦਕੁਸ਼ੀ ਕਰਨ ਲਈ ਮਜਬੂਰ ਹੋਣਗੇ। ਉਸ ਜ਼ਮੀਨ ਦੇ ਪੁਰਾਣੇ ਮਾਲਕ ਨੂੰ ਜ਼ਮੀਨ ਲਈ 26 ਲੱਖ ਰੁਪਏ ਮਿਲ ਚੁੱਕੇ ਹਨ, ਜਦੋਂ ਕਿ ਜ਼ਮੀਨ ਉਨ੍ਹਾਂ ਦੀ ਹੈ। ਜੇਕਰ ਪ੍ਰਸਾਸ਼ਨ ਨੇ ਪਟਵਾਰੀ ਦੇ ਖਿਲਾਫ਼ ਕਾਰਵਾਈ ਨਾ ਕੀਤੀ ਜਾਂ ਸਾਰੇ ਦਸਤਾਵੇਜ਼ ਸਹੀ ਨਾ ਕਰਵਾਏ ਗਏ ਤਾਂ ਉਹ ਡੀਸੀ ਦਫ਼ਤਰ ਦੇ ਬਾਹਰ ਖੁਦਕੁਸ਼ੀ ਕਰਨਗੇ।
ਪਿੰਡ ਗੌਸਗੜ੍ਹ ਰਾਹੋਂ ਰੋਡ ਵਾਸੀ ਗਗਨਦੀਪ ਸਿੰਘ ਨੇ ਦੱਸਿਆ ਕਿ ਉਸ ਨੇ 2018 ’ਚ 130 ਵਰਗ ਗਜ਼ ਜ਼ਮੀਨ ਖਰੀਦੀ ਸੀ। ਇਹ ਜ਼ਮੀਨ ਉਸ ਨੇ ਅਜਮੇਰ ਸਿੰਘ ਤੋਂ ਖਰੀਦੀ ਸੀ। ਕਿਸ਼ਤਾਂ ਉਤਾਰਨ ਮਗਰੋਂ 26 ਅਕਤੂਬਰ 2023 ਨੂੰ ਉਨ੍ਹਾਂ ਨੂੰ ਥਾਂ ਦੀ ਰਜਿਸਟਰੀ ਕਰਵਾ ਦਿੱਤੀ ਗਈ। ਉਨ੍ਹਾਂ ਰਜਿਸਟਰੀ ਦੀ ਫੋਟੋ ਕਾਪੀ ਉਸ ਸਮੇਂ ਪਟਵਾਰੀ ਸੁਖਵਿੰਦਰ ਸਿੰਘ ਨੂੰ ਇੰਤਕਾਲ ਦਰਜ ਕਰਨ ਲਈ ਕਰਨ ਲਈ ਕਈ ਵਾਰ ਦਿੱਤੀ, ਪਰ ਉਨ੍ਹਾਂ ਨੇ ਆਪਣਾ ਕੰਮ ਨਹੀਂ ਕੀਤਾ। ਪਟਵਾਰੀ ਨੇ 12 ਜੁਲਾਈ 2024 ਨੂੰ ਗਲਤ ਫਰਦ ਚੜ੍ਹਾ ਦਿੱਤੀ।