ਨਿੱਜੀ ਪੱਤਰ ਪ੍ਰੇਰਕ
ਜਗਰਾਉਂ, 29 ਜੁਲਾਈ
ਚਿਰਾਂ ਤੋਂ ਲਮਕ ਰਹੀਆਂ ਹੱਕੀ ਮੰਗਾਂ ਨਾ ਮੰਨੇ ਜਾਣ ਤੋਂ ਸਫਾਈ ਕਾਮੇ ਨਾਰਾਜ਼ ਹਨ। ਸਫਾਈ ਸੇਵਕ ਯੂਨੀਅਨ ਨੇ ਜ਼ਿਲ੍ਹਾ ਪ੍ਰਧਾਨ ਅਰੁਣ ਗਿੱਲ ਦੀ ਅਗਵਾਈ ਹੇਠ ਅੱਜ ਅਧਿਕਾਰੀ ਨੂੰ ਮੰਗ-ਪੱਤਰ ਸੌਂਪਿਆ। ਇਸ ਸਮੇਂ ਸਫਾਈ ਕਾਮਿਆਂ ਨੇ ਮੰਗਾਂ ਜਲਦ ਨਾ ਮੰਨੇ ਜਾਣ ’ਤੇ ਸੰਘਰਸ਼ ਵਿੱਢਣ ਦੀ ਚਿਤਾਵਨੀ ਦਿੱਤੀ।
ਕਾਰਜ ਸਾਧਕ ਅਫ਼ਸਰ ਦੇ ਨਾਮ ਇਹ ਮੰਗ ਪੱਤਰ ਉਨ੍ਹਾਂ ਦੀ ਗੈਰਹਾਜ਼ਰੀ ਕਾਰਨ ਜਨਰਲ ਇੰਸਪੈਕਟਰ ਵਿਕਾਸ ਧਵਨ ਨੂੰ ਸੌਂਪਿਆ ਗਿਆ। ਪ੍ਰਧਾਨ ਗਿੱਲ ਨੇ ਕਿਹਾ ਕਿ ਜਾਇਜ਼ ਮੰਗਾਂ ’ਚ ਮੌਤ ਹੋਣ ਦੇ ਮਾਮਲੇ ’ਚ ਬਣਦੇ ਬਕਾਏ, ਸਫਾਈ ਸੇਵਕਾਂ ਦੀਆਂ ਕਟੌਤੀਆਂ ਤਨਖ਼ਾਹਾਂ ਨਾਲ ਭੇਜਣ, ਸਫਾਈ ਸੇਵਕਾਂ ਅਤੇ ਸੀਵਰਮੈਨਾਂ ਦੀਆਂ ਸਰਵਿਸ ਬੁੱਕਾਂ ਮੁਕੰਮਲ ਕਰਨਾ, ਆਰਜ਼ੀ ਮੇਟ ਦੀ ਰਿਪੋਰਟ ਉੱਪਰ ਪਹਿਲ ਦੇ ਆਧਾਰ ’ਤੇ ਕਾਰਵਾਈ ਕਰਨ, ਸਫਾਈ ਸੇਵਕਾਂ ਦਾ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਗਰੁੱਪ ਬੀਮਾ ਕਰਨ, ਡਾਇਰੈਕਟਰ ਸਥਾਨਕ ਸਰਕਾਰ ਪੰਜਾਬ ਵੱਲੋਂ ਜਾਰੀ ਪੱਤਰ ਅਨੁਸਾਰ ਸ਼ਹਿਰ ਦੀਆਂ ਬੀਟਾਂ ਅਨੁਸਾਰ ਸਫਾਈ ਸੇਵਕ ਭਰਤੀ ਕਰਨ, ਸਫਾਈ ਸੇਵਕਾਂ ਤੋਂ ਸਫਾਈ ਦਾ ਕੰਮ ਲੈਣ, ਵੱਖ-ਵੱਖ ਦਫ਼ਤਰਾਂ ‘ਚ ਕੰਮ ਕਰਦੇ ਸਫਾਈ ਸੇਵਕਾਂ ਨੂੰ ਸਫਾਈ ਦੇ ਕੰਮ ’ਤੇ ਵਾਪਸ ਬੁਲਾ ਕੇ ਸਫਾਈ ਦੇ ਕੰਮ ਨੂੰ ਸੁਚਾਰੂ ਢੰਗ ਨਾਲ ਕਰਨ ਲਈ ਉਪਰੋਤਕ ਮੰਗਾਂ ਨੂੰ ਸੱਤ ਦਿਨ ਦੇ ਅੰਦਰ ਹੱਲ ਕਰਨ ਦੀ ਮੰਗ ਕੀਤੀ ਗਈ। ਇਸ ਮੌਕੇ ਪ੍ਰਧਾਨ ਰਜਿੰਦਰ ਕੁਮਾਰ, ਭੂਸ਼ਨ ਗਿੱਲ, ਪਰਦੀਪ ਕੁਮਾਰ, ਪ੍ਰਧਾਨ ਮਿਸਰੋ ਦੇਵੀ, ਕਾਂਤਾ, ਨੀਨਾ, ਕੰਚਨ, ਸੀਵਰਮੈਨ ਯੂਨੀਅਨ ਦੇ ਪ੍ਰਧਾਨ ਸ਼ਾਮ ਕੁਮਾਰ ਚੰਡਾਲੀਆ, ਰਾਜ ਕੁਮਾਰ ਆਦਿ ਹਾਜ਼ਰ ਸਨ।