ਪੱਤਰ ਪ੍ਰੇਰਕ
ਟੋਹਾਣਾ, 29 ਜੁਲਾਈ
ਜ਼ਿਲ੍ਹੇ ਦੇ 11 ਕਾਲਜਾਂ ਵਿੱਚ ਦਾਖਲਾ ਫ਼ੀਸਦ ਘੱਟ ਜਾਣ ਕਾਰਨ ਕਾਲਜ ਪ੍ਰਬੰਧਕ ਤੇ ਸਟਾਫ ਫਿਕਰਮੰਦ ਹਨ। ਇਸ ਸਾਲ 11500 ਦੇ ਕਰੀਬ ਵਿਦਆਰਥੀਆਂ ਨੇ ਫਤਿਹਾਬਾਦ ਜ਼ਿਲ੍ਹੇ ਵਿੱਚ ਬਾਰ੍ਹਵੀਂ ਪਾਸ ਕੀਤੀ। ਜ਼ਿਲ੍ਹੇ ਦੇ 11 ਕਾਲਜਾਂ ਵਿੱਚ ਵੱਖ-ਵੱਖ ਵਿਸ਼ਿਆਂ ’ਤੇ ਆਧਾਰਿਤ 6890 ਸੀਟਾਂ ਹਨ ਅਤੇ 3535 ਸੀਟਾਂ ’ਤੇ ਦਾਖਲਾ ਨਹੀਂ ਹੋ ਸਕਿਆ। ਸਾਇੰਸ ਵਿਸ਼ਿਆਂ ਤੋਂ ਵਿਦਿਆਰਥੀ ਪਾਸਾ ਵੱਟ ਰਹੇ ਹਨ, ਜਿਸ ਕਾਰਨ 62 ਫ਼ੀਸਦੀ ਸੀਟਾਂ ਖਾਲੀ ਪਈਆਂ ਹਨ। ਸਾਇੰਸ ਦੇ ਨਾਨ-ਮੈਡੀਕਲ ਵਿਸ਼ੇ ਵਿੱਚ ਸਿਰਫ਼ 135 ਵਿਦਆਰਥੀਆਂ ਨੇ ਦਾਖਲਾ ਲਿਆ, ਜਦੋਂਕਿ 405 ਸੀਟਾਂ ਖਾਲੀ ਹਨ। ਕਾਮਰਸ ਵਿੱਚ ਵੀ ਵਿਦਿਆਰਥੀਆਂ ਨੇ ਦਿਲਚਸਪੀ ਨਹੀਂ ਦਿਖਾਈ। ਜ਼ਿਲ੍ਹੇ ਦੇ ਕਾਲਜਾਂ ਵਿੱਚ 1470 ਸੀਟਾਂ ਹਨ, ਜਦੋਂਕਿ 923 ਸੀਟਾਂ ਖਾਲੀ ਪਈਆਂ ਹਨ। ਸਰਕਾਰੀ ਕਾਲਜ ਫਤਿਹਾਬਾਦ ਵਿੱਚ ਕਾਮਰਸ ਦੀਆਂ 80 ਸੀਟਾਂ ’ਤੇ ਸਿਰਫ਼ ਚਾਰ ਵਿਦਿਆਰਥੀਆਂ ਨੇ ਦਾਖਲਾ ਲਿਆ ਹੈ।