ਪੱਤਰ ਪ੍ਰੇਰਕ
ਨਵੀਂ ਦਿੱਲੀ, 29 ਜੁਲਾਈ
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ, ਗੁਰਦੁਆਰਾ ਬੰਗਲਾ ਸਾਹਿਬ ਵਿੱਚ ਚੱਲ ਰਹੇ ਹਸਪਤਾਲ ਦੇ ਚੇਅਰਮੈਨ ਭੁਪਿੰਦਰ ਸਿੰਘ ਭੁੱਲਰ ਨੂੰ ਦਿੱਲੀ ਸਰਕਾਰ ਵੱਲੋਂ ਕਰੋਨਾ ਮਹਾਮਾਰੀ ਦੌਰਾਨ ਮਨੁੱਖਤਾ ਦੀ ਸੇਵਾ ਬਦਲੇ ਡਾ. ਏਪੀਜੇ ਅਬਦੁਲ ਕਲਾਮ ਐਵਾਰਡ ਨਾਲ ਸਨਮਾਨਿਆ ਗਿਆ। ਦਿੱਲੀ ਵਿਧਾਨ ਸਭਾ ਦੇ ਪ੍ਰਧਾਨ ਰਾਮ ਨਿਵਾਸ ਗੋਇਲ ਅਤੇ ਸੰਸਦ ਮੈਂਬਰ ਮਨੋਜ ਕੁਮਾਰ ਨੇ ਭੁੱਲਰ ਨੂੰ ਐਵਾਰਡ ਸੌਂਪਿਆ। ਭੁਪਿੰਦਰ ਸਿੰਘ ਭੁੱਲਰ ਨੇ ਐਵਾਰਡ ਲਈ ਦਿੱਲੀ ਸਰਕਾਰ, ਖਾਸਕਰ ਡਾ. ਸ਼ਮੀਮ ਏ ਖਾਨ ਦਾ ਧੰਨਵਾਦ ਕੀਤਾ। ਉਨ੍ਹਾਂ ਦੱਸਿਆ ਕਿ ਕਰੋਨਾ ਦੌਰਾਨ 120 ਇਜ਼ਰਾਈਲੀ ਨਾਗਰਿਕ ਭਾਰਤ ਤੋਂ ਇਜ਼ਰਾਈਲ ਜਾਂਦੇ ਸਮੇਂ ਦਿੱਲੀ ਹਵਾਈ ਅੱਡੇ ’ਤੇ ਕਰੋਨਾ ਪਾਜ਼ੇਟਿਵ ਪਾਏ ਗਏ ਸਨ, ਜਿਸ ਕਰਕੇ ਉਨ੍ਹਾਂ ਨੂੰ ਡਾਕਟਰੀ ਸੇਵਾਵਾਂ ਮੁਹੱਈਆ ਕਰਵਾਉਣ ਲਈ ਗੁਰਦੁਆਰਾ ਰਕਾਬਗੰਜ ਸਾਹਿਬ ਵਿਖੇ ਬਣਾਏ ਗਏ ਕੋਵਿਡ ਸੈਂਟਰ ਵਿੱਚ ਲਿਆ ਕੇ ਉਨ੍ਹਾਂ ਦੀ ਦੇਖਭਾਲ ਕੀਤੀ ਗਈ ਸੀ। ਇਸ ਤੋਂ ਇਲਾਵਾ ਡਾਕਟਰੀ ਖੇਤਰ ਵਿੱਚ ਹੋਰ ਸੇਵਾਵਾਂ ਲਈ ਉਨ੍ਹਾਂ ਦਾ ਨਾਮ ਵਰਲਡ ਬੁੱਕ ਆਫ ਰਿਕਾਰਡ ਵਿੱਚ ਦਰਜ ਕੀਤਾ ਗਿਆ ਸੀ, ਜਿਸ ਨੂੰ ਆਧਾਰ ਬਣਾ ਕੇ ਦਿੱਲੀ ਸਰਕਾਰ ਨੇ ਉਨ੍ਹਾਂ ਨੂੰ ਹੁਣ ਇਹ ਐਵਾਰਡ ਦਿੱਤਾ ਹੈ। ਭੁਪਿੰਦਰ ਸਿੰਘ ਭੁੱਲਰ ਨੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ, ਮੌਜੂਦਾ ਪ੍ਰਧਾਨ ਹਰਮੀਤ ਸਿੰਘ ਕਾਲਕਾ, ਜਨਰਲ ਸਕੱਤਰ ਜਗਦੀਪ ਸਿੰਘ ਕਾਹਲੋਂ ਦਾ ਵੀ ਧੰਨਵਾਦ ਕੀਤਾ, ਜਿਨ੍ਹਾਂ ਨੇ ਡਾਕਟਰੀ ਖੇਤਰ ਵਿੱਚ ਉਨ੍ਹਾਂ ਨੂੰ ਮਹੱਤਵਪੂਰਨ ਜ਼ਿੰਮੇਵਾਰੀ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਕਰੋਨਾ ਮਹਾਮਾਰੀ ਦੌਰਾਨ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਇਕਲੌਤੀ ਅਜਿਹੀ ਸੰਸਥਾ ਸੀ, ਜਿਸ ਨੇ ਬਿਨਾਂ ਕਿਸੇ ਭੇਦ-ਭਾਵ ਦੇ ਲੋਕਾਂ ਨੂੰ ਲੰਗਰ, ਰਾਸ਼ਨ, ਦਵਾਈਆਂ ਮੁਹੱਈਆ ਕਰਵਾਉਂਦਿਆਂ ਕਈ ਜ਼ਿੰਦਗੀਆਂ ਬਚਾਈਆਂ ਸੀ।