ਦਰਸ਼ਨ ਸਿੰਘ ਸੋਢੀ
ਐਸਏਐਸ ਨਗਰ (ਮੁਹਾਲੀ), 30 ਜੁਲਾਈ
ਬਹੁ-ਕਰੋੜੀ ਡਰੱਗ ਕੇਸ ਨਾਲ ਜੁੜੇ ਮਨੀ ਲਾਂਡਰਿੰਗ ਮਾਮਲੇ ਵਿੱਚ ਮੁਹਾਲੀ ਦੀ ਵਿਸ਼ੇਸ਼ ਈਡੀ ਅਦਾਲਤ ਨੇ ਪੰਜਾਬ ਪੁਲੀਸ ਦੇ ਬਰਖ਼ਾਸਤ ਡੀਐੱਸਪੀ ਅਤੇ ਕੌਮਾਂਤਰੀ ਪਹਿਲਵਾਨ ਜਗਦੀਸ਼ ਭੋਲਾ ਸਮੇਤ 17 ਵਿਅਕਤੀਆਂ ਨੂੰ ਦੋਸ਼ੀ ਕਰਾਰ ਦਿੰਦਿਆਂ 3 ਤੋਂ 10 ਸਾਲ ਤੱਕ ਕੈਦ ਦੀ ਸਜ਼ਾ ਸੁਣਾਈ ਹੈ ਅਤੇ 10 ਤੋਂ 50 ਹਜ਼ਾਰ ਰੁਪਏ ਦਾ ਜੁਰਮਾਨਾ ਕੀਤਾ ਹੈ। ਜੁਰਮਾਨੇ ਦੀ ਰਕਮ ਜਮ੍ਹਾਂ ਨਾ ਕਰਵਾਉਣ ਦੀ ਸੂਰਤ ਵਿੱਚ ਦੋਸ਼ੀਆਂ ਨੂੰ 1 ਸਾਲ ਦੀ ਵਾਧੂ ਕੈਦ ਕੱਟਣੀ ਪਵੇਗੀ। ਸੁਰੱਖਿਆ ਪ੍ਰਬੰਧਾਂ ਕਾਰਨ ਜਗਦੀਸ਼ ਭੋਲਾ ਨੇ ਵੀਡੀਓ ਕਾਨਫਰੰਸਿੰਗ ਰਾਹੀਂ ਪੇਸ਼ੀ ਭੁਗਤੀ।
ਇਸ ਕੇਸਵਿੱਚ ਮਨਪ੍ਰੀਤ ਸਿੰਘ, ਸੁਖਰਾਜ ਸਿੰਘ, ਮਨਿੰਦਰ ਸਿੰਘ, ਦਵਿੰਦਰ ਸਿੰਘ ਹੈਪੀ, ਸੁਖਜੀਤ ਸਿੰਘ ਸੁੱਖਾ ਅਤੇ ਅਵਤਾਰ ਸਿੰਘ ਤਾਰੀ ਨੂੰ 10-10 ਸਾਲ ਦੀ ਕੈਦ ਅਤੇ 50 ਹਜ਼ਾਰ ਰੁਪਏ ਜੁਰਮਾਨਾ ਜਦੋਂਕਿ ਜਗਦੀਸ਼ ਭੋਲਾ ਦੀ ਪਤਨੀ ਗੁਰਪ੍ਰੀਤ ਕੌਰ, ਸਹੁਰੇ ਦਲੀਪ ਸਿੰਘ ਮਾਨ, ਅਵਤਾਰੀ ਸਿੰਘ ਤਾਰੀ ਦੀ ਪਤਨੀ ਸੰਦੀਪ ਕੌਰ, ਜਗਮਿੰਦਰ ਕੌਰ ਔਲਖ, ਗੁਰਮੀਤ ਕੌਰ ਅਤੇ ਅਮਰਜੀਤ ਸਿੰਘ ਨੂੰ 3-3 ਸਾਲ ਦੀ ਕੈਦ ਅਤੇ 10 ਹਜ਼ਾਰ ਰੁਪਏ ਜੁਰਮਾਨੇ ਸਮੇਤ ਗੁਰਪ੍ਰੀਤ ਸਿੰਘ, ਸੁਭਾਸ਼ ਬਜਾਜ, ਸੁਨੀਲ ਬਜਾਜ ਅਤੇ ਅੰਕੁਰ ਬਜਾਜ ਨੂੰ 5-5 ਸਾਲ ਦੀ ਕੈਦ ਅਤੇ 30 ਹਜ਼ਾਰ ਰੁਪਏ ਜੁਰਮਾਨਾ ਕੀਤਾ ਗਿਆ ਹੈ।
ਇਸ ਮਾਮਲੇ ਵਿੱਚ ਚਾਰ ਮੁਲਜ਼ਮਾਂ ਦੀ ਮੌਤ ਹੋ ਚੁੱਕੀ ਹੈ ਜਦੋਂਕਿ ਦੋ ਮੁਲਜ਼ਮਾਂ ਨੂੰ ਭਗੌੜੇ ਕਰਾਰ ਦਿੱਤਾ ਗਿਆ ਹੈ। ਜਾਣਕਾਰੀ ਅਨੁਸਾਰ ਸਾਲ 2013 ਵਿੱਚ ਪੰਜਾਬ ਦਾ ਬਹੁ-ਚਰਚਿਤ ਡਰੱਗ ਮਾਮਲਾ ਸਾਹਮਣੇ ਆਇਆ ਸੀ ਜਿਸ ਦੌਰਾਨ ਪੰਜਾਬ ਪੁਲੀਸ ਨੇ ਅਰਜੁਨ ਐਵਾਰਡੀ ਪਹਿਲਵਾਨ ਰੁਸਤਮ-ਏ-ਹਿੰਦ ਜਗਦੀਸ਼ ਭੋਲਾ ਨੂੰ ਗ੍ਰਿਫ਼ਤਾਰ ਕੀਤਾ ਸੀ ਤੇ ਇਸ ਮਗਰੋਂ ਉਸ ਨੂੰ ਡੀਐੱਸਪੀ ਦੇ ਅਹੁਦੇ ਤੋਂ ਬਰਖ਼ਾਸਤ ਕਰ ਦਿੱਤਾ ਗਿਆ ਸੀ। ਪੰਜਾਬ ਪੁਲੀਸ ਸਮੇਤ ਕੌਮੀ ਜਾਂਚ ਏਜੰਸੀਆਂ ਦੀ ਮੁੱਢਲੀ ਪੜਤਾਲ ਦੌਰਾਨ ਨਸ਼ਿਆਂ ਦੇ ਇਸ ਰੈਕੇਟ ਦਾ ਪੰਜਾਬ ਸਮੇਤ ਬਾਹਰਲੇ ਮੁਲਕਾਂ ਤੱਕ ਫੈਲੇ ਹੋਣ ਦਾ ਖ਼ੁਲਾਸਾ ਹੋਇਆ ਸੀ। ਸਾਲ 2019 ਵਿੱਚ ਮੁਹਾਲੀ ਦੀ ਇੱਕ ਵਿਸ਼ੇਸ਼ ਸੀਬੀਆਈ ਅਦਾਲਤ ਨੇ ਐੱਨਡੀਪੀਐੱਸ ਐਕਟ ਤਹਿਤ 25 ਵਿਅਕਤੀਆਂ ਨੂੰ ਦੋਸ਼ੀ ਮੰਨਦਿਆਂ ਸਜ਼ਾ ਸੁਣਾਈ ਸੀ। ਹਾਲਾਂਕਿ ਪੰਜਾਬ ਪੁਲੀਸ ਨੇ ਜਗਦੀਸ਼ ਭੋਲਾ ਦੀ ਗ੍ਰਿਫ਼ਤਾਰੀ ਕੀਤੀ ਸੀ ਪ੍ਰੰਤੂ ਬਾਅਦ ਵਿੱਚ ਇਸ ਬਹੁ-ਚਰਚਿਤ ਮਾਮਲੇ ਵਿੱਚ ਨਿੱਤ ਨਵੇਂ ਖ਼ੁਲਾਸੇ ਹੁੰਦੇ ਗਏ। ਬਾਅਦ ਵਿੱਚ ਇਸ ਮਾਮਲੇ ਦੀ ਜਾਂਚ ਸੀਬੀਆਈ ਅਤੇ ਮਨੀ ਲਾਂਡਰਿੰਗ ਸਬੰਧੀ ਜਾਂਚ ਈਡੀ ਨੇ ਆਰੰਭੀ ਸੀ। ਈਡੀ ਨੇ ਜਗਦੀਸ਼ ਭੋਲਾ ਨੂੰ ਉਦੋਂ ਹਿਰਾਸਤ ਵਿੱਚ ਲੈ ਲਿਆ ਸੀ ਜਦੋਂ ਉਸ ਦੇ ਅਤੇ ਸਹਿਯੋਗੀਆਂ ਵਿਰੁੱਧ ਨਸ਼ਿਆਂ ਦੇ ਮਾਮਲਿਆਂ ਨਾਲ ਜੁੜੇ ਮਨੀ ਲਾਂਡਰਿੰਗ ਦੇ ਦੋਸ਼ਾਂ ਤਹਿਤ ਉਸ ਤੋਂ ਪੁੱਛਗਿੱਛ ਕੀਤੀ ਗਈ। ਮੁੱਢਲੀ ਪੜਤਾਲ ਤੋਂ ਬਾਅਦ ਈਡੀ ਨੇ ਸਬੰਧਤ ਮੁਲਜ਼ਮਾਂ ਦੀਆਂ ਜਾਇਦਾਦਾਂ ਵੀ ਕੁਰਕ ਕੀਤੀਆਂ ਸਨ। ਜ਼ਿਕਰਯੋਗ ਹੈ ਕਿ ਪਿਛਲੇ ਦਿਨੀਂ ਜਗਦੀਸ਼ ਭੋਲਾ ਨੇ ਆਪਣੇ ਪਿਤਾ ਦੇ ਸਸਕਾਰ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਦੌਰਾਨ ਇਹ ਦਾਅਵਾ ਕੀਤਾ ਸੀ ਕਿ ਜੇ ਨਸ਼ਿਆਂ ਬਾਰੇ ਦੋਸ਼ ਸਾਬਤ ਹੋ ਜਾਣ ਤਾਂ ਫਿਰ ਭਾਵੇਂ ਫ਼ਾਂਸੀ ਦੇ ਦਿੱਤੀ ਜਾਵੇ, ਉਸ ਨੂੰ ਕੋਈ ਮਲਾਲ ਨਹੀਂ ਰਹੇਗਾ।