ਹਰਜੀਤ ਸਿੰਘ
ਖਨੌਰੀ, 30 ਜੁਲਾਈ
ਪਿੰਡ ਸ਼ੇਰਗੜ੍ਹ ਦੇ ਸਰਕਾਰੀ ਹਾਈ ਸਕੂਲ ਵਿੱਚ ਕੰਧ ’ਤੇ ਬੈਠੇ ਸੱਤਵੀਂ ਅਤੇ ਦਸਵੀਂ ਜਮਾਤ ਦੇ ਤਿੰਨ ਵਿਦਿਆਰਥੀ ਕਰੰਟ ਦੀ ਲਪੇਟ ਵਿੱਚ ਆ ਗਏ। ਇਸ ਸਬੰਧੀ ਇੱਕ ਬੱਚੇ ਦੇ ਚਾਚੇ ਬਿੱਲੂ ਰਾਮ ਅਤੇ ਪਿੰਡ ਦੇ ਸਮਾਜ ਸੇਵੀ ਜੋਗਿੰਦਰ ਰਾਮ ਨੇ ਦੱਸਿਆ ਕਿ ਬੱਚੇ ਸਕੂਲ ਵਿੱਚ ਕਬੱਡੀ ਖੇਡ ਰਹੇ ਸਨ ਅਤੇ ਇਸ ਦੌਰਾਨ ਕੁੱਝ ਬੱਚੇ ਆਰਾਮ ਕਰਨ ਲਈ ਨਜ਼ਦੀਕ ਕੰਧ ’ਤੇ ਬੈਠੇ ਸਨ। ਇਸ ਦੌਰਾਨ ਇੱਕ ਬੱਚੇ ਨੂੰ ਕੰਧ ਦੇ ਕੋਲੋਂ ਲੰਘਦੀ ਖੇਤਾਂ ਵਾਲੀ ਬਿਜਲੀ ਲਾਈਨ ਤੋਂ ਕਰੰਟ ਲੱਗ ਗਿਆ ਜਦ ਕਿ ਦੋ ਬੱਚਿਆਂ ਉਸ ਬੱਚੇ ਨੂੰ ਛੁਡਾਉਣ ਦੌਰਾਨ ਕਰੰਟ ਦੀ ਲਪੇਟ ਵਿੱਚ ਆ ਗਏ। ਕਰੰਟ ਦੀ ਲਪੇਟ ਵਿੱਚ ਆਏ ਬੱਚਿਆਂ ਦਾ ਨਾਮ ਮੋਹਿਤ, ਨਿਖਿਲ ਅਤੇ ਅਜੇ ਹੈ, ਜਿਨ੍ਹਾਂ ਨੂੰ ਸਕੂਲ ਦੇ ਅਧਿਆਪਕਾਂ ਨੇ ਖਨੌਰੀ ਦੇ ਇੱਕ ਪ੍ਰਾਈਵੇਟ ਹਸਪਤਾਲ ਵਿੱਚ ਦਾਖਲ ਕਰਵਾਇਆ। ਉਥੋਂ ਇੱਕ ਬੱਚੇ ਨੂੰ ਅਗਲੇਰੀ ਜਾਂਚ ਲਈ ਟੋਹਾਣਾ ਰੈਫ਼ਰ ਕਰ ਦਿੱਤਾ। ਸਕੂਲ ਇੰਚਾਰਜ ਨੇ ਦੱਸਿਆ ਬੱਚੇ ਕਬੱਡੀ ਦਾ ਅਭਿਆਸ ਕਰ ਰਹੇ ਸਨ। ਪਤਾ ਨਹੀਂ ਇੱਕ ਬੱਚਾ ਕਿਸ ਤਰ੍ਹਾਂ ਕਰੰਟ ਦੀ ਲਪੇਟ ਵਿੱਚ ਆ ਗਿਆ ਅਤੇ ਦੋ ਬੱਚੇ ਉਸ ਨੂੰ ਛਡਾਉਂਦੇ ਹੋਏ ਕਰੰਟ ਦੀ ਲਪੇਟ ਵਿੱਚ ਆ ਗਏ ਜਿਨ੍ਹਾਂ ਨੂੰ ਤੁਰੰਤ ਖਨੌਰੀ ਦੇ ਇੱਕ ਪ੍ਰਾਈਵੇਟ ਹਸਪਤਾਲ ਵਿੱਚ ਲਿਆਂਦਾ ਗਿਆ ਹੈ। ਉਥੋਂ ਡਾਕਟਰਾਂ ਨੇ ਦੋਵੇਂ ਬੱਚਿਆਂ ਨੂੰ ਘਰ ਵਾਪਸ ਭੇਜ ਦਿੱਤਾ, ਜਦੋਂ ਇਕ ਨੂੰ ਟੋਹਾਣਾ ਰੈਫਰ ਕਰ ਦਿੱਤਾ। ਪਿੰਡ ਵਾਸੀਆਂ ਨੇ ਬਿਜਲੀ ਮਹਿਕਮੇ ਤੋਂ ਮੰਗ ਕੀਤੀ ਕਿ ਸਕੂਲ ਵਿੱਚੋਂ ਇਸ ਤਰ੍ਹਾਂ ਦੀਆਂ ਵੱਡੀਆਂ ਲਾਈਨਾਂ ਬਾਹਰ ਕੱਢੀਆਂ ਜਾਣੀਆਂ ਚਾਹੀਦੀਆਂ ਹਨ ਤਾਂ ਜੋ ਭਵਿੱਖ ਵਿੱਚ ਅਜਿਹੀ ਘਟਨਾ ਨਾ ਵਾਪਰੇ।