ਪੱਤਰ ਪ੍ਰੇਰਕ
ਮਾਨਸਾ, 30 ਜੁਲਾਈ
ਪਿੰਡ ਭੈਣੀਬਾਘਾ ਦੇ ਖੇਤਾਂ ਨੂੰ ਨਹਿਰੀ ਪਾਣੀ ਪੂਰਾ ਕਰਵਾਉਣ ਦੀ ਖਾਤਰ ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਦੀ ਅਗਵਾਈ ਵਿੱਚ ਕਿਸਾਨਾਂ ਵੱਲੋਂ ਨਹਿਰੀ ਮਹਿਕਮੇ ਦੇ ਐੱਸਡੀਓ ਦਾ ਘਿਰਾਓ ਕੀਤਾ ਗਿਆ।
ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਰਾਮ ਸਿੰਘ ਭੈਣੀਬਾਘਾ ਅਤੇ ਮਾਨਸਾ ਬਲਾਕ ਦੇ ਪ੍ਰਧਾਨ ਜਗਸੀਰ ਸਿੰਘ ਜਵਾਹਰਕੇ ਨੇ ਦੱਸਿਆ ਕਿ ਬੁਰਜ ਹਰੀ ਬ੍ਰਾਂਚ ਵਿੱਚੋਂ ਭੈਣੀਬਾਘਾ ਦੇ ਕਿਸਾਨਾਂ ਦੇ ਖੇਤਾਂ ਲਈ ਮੋਘਾ ਨੰਬਰ 18312/ਐਲ ਲੱਗਿਆ ਹੋਇਆ ਹੈ, ਜਿਸ ਤੇ ਪਾਣੀ ਦਾ ਲੇਵਲ ਬਹੁਤ ਘੱਟ ਰਹਿੰਦਾ ਹੈ। ਕਿਸਾਨ ਆਗੂਆਂ ਨੇ ਕਿਹਾ ਕਿ ਉਹ ਪਾਣੀ ਦਾ ਲੇਵਲ ਪੂਰਾ ਕਰਵਾਉਣ ਲਈ ਨਹਿਰੀ ਮਹਿਕਮੇ ਦੇ ਅਧਿਕਾਰੀਆਂ ਨੂੰ ਵਾਰ-ਵਾਰ ਮਿਲਦੇ ਰਹੇ, ਪ੍ਰੰਤੂ ਸਿਵਾਏ ਲਾਰਿਆਂ ਦੇ ਮਸਲੇ ਦਾ ਹੱਲ ਨਹੀਂ ਕੀਤਾ ਗਿਆ, ਜਿਸ ਕਰਕੇ ਜਥੇਬੰਦੀ ਨੂੰ ਮਜ਼ਬੂਰੀ ਵੱਸ ਐਸ.ਡੀ.ਓ. ਦਾ ਘਿਰਾਓ ਕਰਨਾ ਪਿਆ।
ਕਿਸਾਨ ਆਗੂਆਂ ਨੇ ਦੱਸਿਆ ਕਿ ਮੋਘੇ ’ਤੇ 12 ਇੰਚ ਪਾਣੀ ਦਾ ਲੇਵਲ ਹੋਣਾ ਚਾਹੀਦਾ ਹੈ ਪਰ ਮੋਘੇ ’ਤੇ ਪਾਣੀ ਦਾ ਲੇਵਲ 4 ਇੰਚ ਤੋਂ ਨਹੀਂ ਵੱਧਦਾ ਜਿਸ ਕਰਕੇ ਕਿਸਾਨਾਂ ਦੇ ਖੇਤ ਨਹਿਰੀ ਪਾਣੀ ਤੋਂ ਪਿਆਸੇ ਰਹਿੰਦੇ ਹਨ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਆਪਣੀ ਫਸਲ ਪਾਲਣ ਲਈ ਮਹਿੰਗੇ ਭਾਅ ਦਾ ਡੀਜ਼ਲ ਫੂਕਣਾ ਪੈਂਦਾ ਹੈ। ਨਹਿਰੀ ਮਹਿਕਮੇ ਦੇ ਐਕਸੀਅਨ ਅਤੇ ਐੱਸਡੀਓ ਨੇ ਭਰੋਸਾ ਦਿੱਤਾ ਕਿ 2 ਅਗਸਤ ਤੱਕ ਬੁਰਜ ਹਰੀ ਬ੍ਰਾਂਚ ਦੀ ਸਫ਼ਾਈ ਕਰਕੇ ਅਤੇ ਸਾਰੇ ਮੋਘਿਆਂ ਦਾ ਲੇਵਲ ਠੀਕ ਕਰਕੇ ਟੇਲ ਤੱਕ ਲੱਗੇ ਮੋਘਿਆਂ ਤੱਕ ਪਾਣੀ ਪਹੁੰਚਦਾ ਕਰ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਜਥੇਬੰਦੀ ਵੱਲੋਂ ਧਰਨਾ ਚੁੱਕ ਲਿਆ ਗਿਆ ਅਤੇ ਚਿਤਵਾਨੀ ਦਿੱਤੀ ਕਿ ਜੇਕਰ ਦਿੱਤੇ ਹੋਏ ਸਮੇਂ ’ਤੇ ਪਾਣੀ ਪਹੁੰਚਦਾ ਨਾ ਕੀਤਾ ਗਿਆ ਤਾਂ ਜਥੇਬੰਦੀ ਵੱਲੋਂ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ।