ਪੈਰਿਸ, 30 ਜੁਲਾਈ
ਭਾਰਤ ਦੇ ਤਜਰਬੇਕਾਰ ਮੁੱਕੇਬਾਜ਼ ਅਮਿਤ ਪੰਘਾਲ ਨੂੰ ਅੱਜ ਇੱਥੇ ਪੈਰਿਸ ਓਲੰਪਿਕ ਦੇ 51 ਕਿਲੋਗ੍ਰਾਮ ਵਰਗ ਦੇ ਰਾਊਂਡ ਆਫ-16 ਦੇ ਮੁਕਾਬਲੇ ’ਚ ਅਫਰੀਕੀ ਖੇਡਾਂ ਦੇ ਚੈਂਪੀਅਨ ਅਤੇ ਤੀਜਾ ਦਰਜਾ ਪ੍ਰਾਪਤ ਜ਼ਾਂਬੀਆ ਦੇ ਪੈਟ੍ਰਿਕ ਚਿਨਯੇਂਬਾ ਤੋਂ 1-4 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਇਸ ਤਰ੍ਹਾਂ ਭਾਰਤੀ ਮੁੱਕੇਬਾਜ਼ ਦੀ ਓਲੰਪਿਕ ਵਿੱਚ ਮੁਹਿੰਮ ਖ਼ਤਮ ਹੋ ਗਈ ਹੈ। ਇਸੇ ਤਰ੍ਹਾਂ ਜੈਸਮੀਨ ਲਾਂਬੋਰੀਆ ਮਹਿਲਾ 57 ਕਿਲੋਗ੍ਰਾਮ ਦੇ ਮੁਕਾਬਲੇ ਵਿੱਚ ਸਾਬਕਾ ਵਿਸ਼ਵ ਚੈਂਪੀਅਨ ਫਿਲਪੀਨਜ਼ ਦੀ ਨੇਸਟੀ ਪੇਟੀਸੀਓ ਤੋਂ 0-5 ਨਾਲ ਹਾਰ ਕੇ ਬਾਹਰ ਹੋ ਗਈ।
ਵਿਸ਼ਵ ਚੈਂਪੀਅਨਸ਼ਿਪ 2019 ਵਿੱਚ ਚਾਂਦੀ ਦਾ ਤਗ਼ਮਾ ਜੇਤੂ ਪੰਘਾਲ ਨੂੰ ਪਹਿਲੇ ਗੇੜ ਵਿੱਚ ਬਾਈ ਮਿਲੀ ਸੀ। ਜ਼ਾਂਬੀਆ ਦਾ ਪੈਟ੍ਰਿਕ ਹਮਲਾਵਰ ਰੁਖ਼ ਅਪਣਾਉਂਦਿਆਂ ਸ਼ੁਰੂ ਤੋਂ ਹੀ ਹਾਵੀ ਰਿਹਾ ਅਤੇ ਪੰਘਾਲ ਨੂੰ ਵਾਪਸੀ ਦਾ ਮੌਕਾ ਨਹੀਂ ਦਿੱਤਾ। ਵਿਸ਼ਵ ਦੇ ਸਾਬਕਾ ਨੰਬਰ ਇਕ ਮੁੱਕੇਬਾਜ਼ ਪੰਘਾਲ ਨੂੰ ਆਪਣੀ ਰੱਖਿਆਤਮਕ ਖੇਡ ਦਾ ਖਮਿਆਜ਼ਾ ਭੁਗਤਣਾ ਪਿਆ। ਉਸ ਨੇ ਆਖਰੀ ਤਿੰਨ ਮਿੰਟਾਂ ’ਚ ਹਮਲਾਵਰ ਖੇਡ ਅਪਣਾਈ ਪਰ ਇਸ ਦਾ ਕੋਈ ਫਾਇਦਾ ਨਹੀਂ ਹੋਇਆ ਕਿਉਂਕਿ ਵਿਰੋਧੀ ਮੁੱਕੇਬਾਜ਼ ਉਸ ਤੋਂ ਬਿਹਤਰ ਮੁੱਕਿਆਂ ਨਾਲ ਅੰਕ ਲੈਣ ਵਿੱਚ ਸਫਲ ਰਿਹਾ। ਜ਼ਾਂਬੀਆ ਦੇ ਮੁੱਕੇਬਾਜ਼ ਨੇ ਦੋ ਗੇੜਾਂ ਵਿੱਚ ਤਿੰਨ ਜੱਜਾਂ ਤੋਂ 10-10 ਅੰਕ ਹਾਸਲ ਕੀਤੇ ਜਦਕਿ ਪੰਘਾਲ ਨੂੰ ਸਿਰਫ਼ ਦੋ ਜੱਜਾਂ ਨੇ 10 ਅੰਕ ਦਿੱਤੇ। ਫਾਈਨਲ ਗੇੜ ਵਿੱਚ ਸਾਰੇ ਪੰਜ ਜੱਜਾਂ ਨੇ ਜ਼ਾਂਬੀਆ ਦੇ ਮੁੱਕੇਬਾਜ਼ ਨੂੰ 10-10 ਅੰਕ ਦਿੱਤੇ। -ਪੀਟੀਆਈ