ਮੁੱਲਾਂਪੁਰ ਗਰੀਬਦਾਸ (ਪੱਤਰ ਪ੍ਰੇਰਕ): ਕੈਂਸਰ ਦੇ ਮਰੀਜ਼ਾਂ ਵਾਸਤੇ ਇੱਕ ਬੱਸ ਸੇਵਾ ਸ਼ੁਰੂ ਕੀਤੀ ਗਈ ਹੈ, ਜੋ ਸੰਗਰੂਰ ਦੇ ਹੋਮੀ ਭਾਭਾ ਕੈਂਸਰ ਹਸਪਤਾਲ ਅਤੇ ਨਿਊ ਚੰਡੀਗੜ੍ਹ ਵਿੱਚ ਹੋਮੀ ਭਾਭਾ ਕੈਂਸਰ ਹਸਪਤਾਲ ਤੇ ਖੋਜ ਕੇਂਦਰ ਵਿਚਕਾਰ ਮਰੀਜ਼ਾਂ ਲਈ ਮੁਫਤ ਆਵਾਜਾਈ ਪ੍ਰਦਾਨ ਕਰੇਗੀ। ਜਾਣਕਾਰੀ ਅਨੁਸਾਰ ਗੋਬਿੰਦ ਸਿੰਘ ਖੱਟੜਾ ਹਾਈਵੇਅ ਲਿਮਟਿਡ ਪਟਿਆਲਾ ਵੱਲੋਂ ਸਵ. ਗੋਬਿੰਦ ਸਿੰਘ ਪੁੱਤਰ ਦਵਿੰਦਰ ਸਿੰਘ ਦੇ ਜਨਮ ਦਿਨ ’ਤੇ ਉਨ੍ਹਾਂ ਦੀ ਯਾਦ ਵਿੱਚ ਇਹ ਪਹਿਲਕਦਮੀ ਕੀਤੀ ਗਈ ਹੈ। ਹਫ਼ਤੇ ਵਿੱਚ ਹਰ ਮੰਗਲਵਾਰ ਤੇ ਵੀਰਵਾਰ ਨੂੰ ਬੱਸ ਚੱਲੇਗੀ। ਬੱਸ ਸੰਗਰੂਰ ਤੋਂ ਸਵੇਰੇ 6.30 ਵਜੇ ਰਵਾਨਾ ਹੋਵੇਗੀ। ਵਾਪਸੀ ਵੇਲੇ ਬੱਸ ਉਸੇ ਦਿਨ ਨਿਊ ਚੰਡੀਗੜ੍ਹ ਤੋਂ ਸ਼ਾਮ 5 ਵਜੇ ਰਵਾਨਾ ਹੋਵੇਗੀ। ਇਸ ਪਹਿਲਕਦਮੀ ਦੀ ਅਗਵਾਈ ਮਰਹੂਮ ਗੋਬਿੰਦ ਸਿੰਘ ਦੇ ਪਰਿਵਾਰ ਸਣੇ ਉਨ੍ਹਾਂ ਦੀ ਮਾਤਾ ਵਿਪਨਜੀਤ ਕੌਰ ਅਤੇ ਦੋਵੇਂ ਭੈਣਾਂ ਗੁਰਪ੍ਰੀਤ ਖੱਟੜਾ ਥਿੰਦ ਅਤੇ ਅਮੀਨਾ ਭਾਈਕਾ ਨੇ ਕੀਤੀ ਹੈ।