ਸੰਜੀਵ ਹਾਂਡਾ
ਫ਼ਿਰੋਜ਼ਪੁਰ, 30 ਜੁਲਾਈ
ਜੰਮੂ ਤੋਂ ਜੋਧਪੁਰ ਜਾ ਰਹੀ ‘ਜੰਮੂ ਤਵੀ-ਭਗਤ ਦੀ ਕੋਠੀ ਐਕਸਪ੍ਰੈੱਸ’ (19226) ਰੇਲ ਗੱਡੀ ਵਿੱਚ ਬੰਬ ਹੋਣ ਦੀ ਸੂਚਨਾ ਮਿਲਣ ’ਤੇ ਅੱਜ ਸਵੇਰੇ ਅੱਠ ਵਜੇ ਦੇ ਕਰੀਬ ਫ਼ਿਰੋਜ਼ਪੁਰ ਤੋਂ ਦਸ ਕਿੱਲੋਮੀਟਰ ਦੂਰ ਪਿੰਡ ਕਾਸੂ ਬੇਗੂ ਦੇ ਰੇਲਵੇ ਸਟੇਸ਼ਨ ’ਤੇ ਗੱਡੀ ਨੂੰ ਰੋਕ ਦਿੱਤਾ ਗਿਆ। ਸੂਚਨਾ ਮਿਲਦਿਆਂ ਹੀ ਰੇਲਵੇ ਪੁਲੀਸ ਅਤੇ ਪੰਜਾਬ ਪੁਲੀਸ ਦੇ ਉੱਚ ਅਧਿਕਾਰੀ ਮੌਕੇ ’ਤੇ ਪਹੁੰਚ ਗਏ। ਐਂਬੂਲੈਂਸ ਅਤੇ ਫ਼ਾਇਰ ਬ੍ਰਿਗੇਡ ਦੀਆਂ ਗੱਡੀਆਂ ਵੀ ਮੌਕੇ ’ਤੇ ਪੁੱਜ ਗਈਆਂ। ਰੇਲ ਵਿੱਚ ਬੈਠੀਆਂ ਸਾਰੀਆਂ ਸਵਾਰੀਆਂ ਨੂੰ ਸੁਰੱਖਿਅਤ ਬਾਹਰ ਕੱਢ ਕੇ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ ਗਈ। ਬਾਅਦ ਦੁਪਹਿਰ ਦੇ ਕਰੀਬ ਡੇਢ ਵਜੇ ਤੱਕ ਤਲਾਸ਼ੀ ਮੁਹਿੰਮ ਚੱਲਦੀ ਰਹੀ, ਪਰ ਇਸ ਦੌਰਾਨ ਇਸ ਗੱਡੀ ਵਿੱਚੋਂ ਕੋਈ ਵੀ ਸ਼ੱਕੀ ਵਸਤੂ ਬਰਾਮਦ ਨਾ ਹੋਈ। ਅਖ਼ੀਰ ਦੋ ਵਜੇ ਦੇ ਕਰੀਬ ਗੱਡੀ ਨੂੰ ਜੋਧਪੁਰ ਲਈ ਰਵਾਨਾ ਕੀਤਾ ਗਿਆ।
ਬੰਬ ਦੀ ਅਫ਼ਵਾਹ ਕਾਰਨ ਅੱਜ ਯਾਤਰੀਆਂ ਨੂੰ ਪ੍ਰੇਸ਼ਾਨੀ ਝੱਲਣੀ ਪਈ। ਰੇਲਵੇ ਪੁਲੀਸ ਅਧਿਕਾਰੀਆਂ ਵੱਲੋਂ ਇਸ ਸਬੰਧੀ ਫ਼ੋਨ ਕਰਨ ਵਾਲੇ ਵਿਅਕਤੀ ਨੂੰ ਪੱਛਮੀ ਬੰਗਾਲ ਤੋਂ ਕਾਬੂ ਕਰ ਲਿਆ ਗਿਆ ਹੈ ਜਿਸ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ।
ਸਥਾਨਕ ਰੇਲਵੇ ਮੰਡਲ ਦੇ ਪ੍ਰਬੰਧਕ ਸੰਜੇ ਸਾਹੂ ਨੇ ਦੱਸਿਆ ਕਿ ਚੈਕਿੰਗ ਦੌਰਾਨ ਇਸ ਰੂਟ ’ਤੇ ਚੱਲਣ ਵਾਲੀਆਂ ਚਾਰ ਰੇਲ ਗੱਡੀਆਂ ਨੂੰ ਵੱਖਰੇ ਰੂਟ ਤੋਂ ਰਵਾਨਾ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਗੱਡੀ ਵਿੱਚ ਸਵਾਰ ਸਾਰੇ ਯਾਤਰੀਆਂ ਲਈ ਲੰਗਰ ਅਤੇ ਚਾਹ-ਪਾਣੀ ਦਾ ਸਾਰਾ ਪ੍ਰਬੰਧ ਗੁਰਦੁਆਰਾ ਜਾਮਨੀ ਸਾਹਿਬ ਦੀ ਪ੍ਰਬੰਧਕ ਕਮੇਟੀ ਵੱਲੋਂ ਕੀਤਾ ਗਿਆ ਤੇ ਇਸ ਦੌਰਾਨ ਯਾਤਰੀਆਂ ਨੂੰ ਕੋਈ ਪ੍ਰੇਸ਼ਾਨੀ ਨਹੀਂ ਹੋਣ ਦਿੱਤੀ ਗਈ।