ਟ੍ਰਿਬਿਉੂਨ ਨਿਉੂਜ਼ ਸਰਵਿਸ
ਅੰਮ੍ਰਿਤਸਰ, 31 ਜੁਲਾਈ
ਇੱਥੇ ਬੱਸ ਸਟੈਂਡ ਦੀ ਪਾਰਕਿੰਗ ਵਿੱਚ ਲੋੜਵੰਦ ਲੋਕਾਂ ਨੂੰ 10 ਰੁਪਏ ਵਿੱਚ ਦੁਪਹਿਰ ਦਾ ਖਾਣਾ ਦੇਣ ਲਈ ਸਾਂਝੀ ਰਸੋਈ ਦੀ ਸ਼ੁਰੂਆਤ ਕੀਤੀ ਗਈ ਹੈ। ਡੀਸੀ ਘਨਸ਼ਾਮ ਥੋਰੀ ਵੱਲੋਂ ਰੈੱਡ ਕਰਾਸ ਦੀ ਅਗਵਾਈ ਹੇਠ ਈਐੱਮਸੀ ਹਸਪਤਾਲ ਅਤੇ ਸ਼ਹੀਦ ਬਾਬਾ ਦੀਪ ਸਿੰਘ ਜੀ ਨਿਸ਼ਕਾਮ ਜਲ ਸੇਵਾ ਸੁਸਾਇਟੀ ਦੇ ਸਹਿਯੋਗ ਨਾਲ ਸਾਂਝੀ ਰਸੋਈ ਦੀ ਸ਼ੁਰੂਆਤ ਕਰਦਿਆਂ ਇਸ ਦਾ ਉਦਘਾਟਨ ਕੀਤਾ ਗਿਆ। ਇਸ ਮੌਕੇ ਸ਼ਹਿਰ ਦੀਆਂ ਸਮਾਜ ਸੇਵੀ ਸੰਸਥਾਵਾਂ ਅਤੇ ਦਾਨੀ ਪੁਰਸ਼ਾਂ ਦਾ ਧੰਨਵਾਦ ਕਰਦਿਆਂ ਡੀਸੀ ਨੇ ਕਿਹਾ ਕਿ ਇਨ੍ਹਾਂ ਲੋਕਾਂ ਦੀ ਮਦਦ ਨਾਲ ਰੈੱਡ ਕਰਾਸ ਹੁਣ ਰਾਹਗੀਰਾਂ, ਕਿਰਤੀਆਂ ਅਤੇ ਹੋਰ ਲੋੜਵੰਦਾਂ ਨੂੰ 10 ਰੁਪਏ ਵਿੱਚ ਸਾਫ਼-ਸੁਥਰਾ ਤੇ ਪੌਸ਼ਟਿਕ ਭੋਜਨ ਮੁਹੱਈਆ ਕਰਵਾਏਗਾ, ਜਿਸ ਵਿੱਚ ਦਾਲ, ਸਬਜ਼ੀ, ਚੌਲ ਤੇ ਰੋਟੀ ਆਦਿ ਸ਼ਾਮਲ ਹੋਣਗੇ। ਉਨ੍ਹਾਂ ਇਸ ਮੌਕੇ ਈਐੱਮਸੀ ਹਸਪਤਾਲ ਦੇ ਡਾਕਟਰ ਪਵਨ ਅਰੋੜਾ ਅਤੇ ਬਾਬਾ ਦੀਪ ਸਿੰਘ ਨਿਸ਼ਕਾਮ ਸੇਵਾ ਸੁਸਾਇਟੀ ਵੱਲੋਂ ਦਿੱਤੇ ਜਾ ਰਹੇ ਸਹਿਯੋਗ ਲਈ ਧੰਨਵਾਦ ਕੀਤਾ। ਇਸ ਮੌਕੇ ਰੈੱਡ ਕਰਾਸ ਤੇ ਕਾਰਜਕਾਰੀ ਸੈਕਟਰੀ ਸੈਮਸਨ ਮਸੀਹ, ਬਾਬਾ ਦੀਪ ਸਿੰਘ ਨਿਸ਼ਕਾਮ ਜਲ ਸੇਵਾ ਸੁਸਾਇਟੀ ਦੇ ਅਹੁਦੇਦਾਰ ਫੁਲਵਿੰਦਰ ਸਿੰਘ, ਮਨਜਿੰਦਰ ਸਿੰਘ ਅਤੇ ਹੋਰ ਹਾਜ਼ਰ ਸਨ।