ਪੈਰਿਸ, 31 ਜੁਲਾਈ
ਟੋਕੀਓ ਓਲੰਪਿਕ ਵਿੱਚ ਕਾਂਸੇ ਦਾ ਤਗ਼ਮਾ ਜੇਤੂ ਭਾਰਤੀ ਮੁੱਕੇਬਾਜ਼ ਲਵਲੀਨਾ ਬੋਰਗੋਹੇਨ (75 ਕਿਲੋ) ਨੇ ਅੱਜ ਇੱਥੇ ਆਪਣੇ ਪਹਿਲੇ ਮੈਚ ਵਿੱਚ ਨਾਰਵੇ ਦੀ ਸੁਨੀਵਾ ਹੋਫਸਟੈਡ ਨੂੰ 5-0 ਨਾਲ ਹਰਾ ਕੇ ਕੁਆਰਟਰ ਫਾਈਨਲ ’ਚ ਜਗ੍ਹਾ ਬਣਾ ਲਈ ਹੈ। ਲਵਲੀਨਾ ਨੇ ਟੋਕੀਓ ਵਿੱਚ 69 ਕਿਲੋ ਵਰਗ ਵਿੱਚ ਕਾਂਸੇ ਦਾ ਤਗ਼ਮਾ ਜਿੱਤਿਆ ਸੀ। ਉਹ ਲਗਾਤਾਰ ਦੂਜੇ ਓਲੰਪਿਕ ਵਿੱਚ ਤਗ਼ਮਾ ਜਿੱਤਣ ਤੋਂ ਸਿਰਫ਼ ਇੱਕ ਜਿੱਤ ਦੂਰ ਹੈ। ਹਾਲਾਂਕਿ ਇਹ ਇੰਨਾ ਸੌਖਾ ਨਹੀਂ ਹੋਵੇਗਾ ਕਿਉਂਕਿ ਹੁਣ ਉਸ ਦਾ ਸਾਹਮਣਾ 4 ਅਗਸਤ ਨੂੰ ਸਿਖਰਲਾ ਦਰਜਾ ਪ੍ਰਾਪਤ ਚੀਨ ਦੀ ਲੀ ਕਿਆਨ ਨਾਲ ਹੋਵੇਗਾ। ਇਸ ਮੈਚ ਵਿੱਚ ਜਿੱਤ ਲਵਲੀਨਾ ਲਈ ਘੱਟੋ-ਘੱਟ ਕਾਂਸੇ ਦਾ ਤਗ਼ਮਾ ਯਕੀਨੀ ਬਣਾਏਗੀ। ਕਿਆਨ ਨੇ ਟੋਕੀਓ ਓਲੰਪਿਕ ਵਿੱਚ 75 ਕਿਲੋ ਵਰਗ ਵਿੱਚ ਚਾਂਦੀ ਜਦਕਿ ਰੀਓ ਓਲੰਪਿਕ 2016 ਵਿੱਚ ਕਾਂਸੇ ਦਾ ਤਗ਼ਮਾ ਜਿੱਤਿਆ ਸੀ।
ਆਪਣੇ ਪਹਿਲੇ ਗੇੜ ਦੇ ਮੁਕਾਬਲੇ ਵਿੱਚ ਵਿੱਚ ਲਵਲੀਨਾ ਨੇ ਵਿਰੋਧੀ ਮੁੱਕੇਬਾਜ਼ ਤੋਂ ਦੂਰੀ ਬਣਾ ਕੇ ਜਵਾਬੀ ਹਮਲਾ ਕੀਤਾ ਜਦਕਿ ਨਾਰਵੇ ਦੀ ਖਿਡਾਰਨ ਉਸ ਨੂੰ ਫੜ ਕੇ ਸਮਾਂ ਬਰਬਾਦ ਕਰਨ ਦੀ ਕੋਸ਼ਿਸ਼ ਕਰਦੀ ਨਜ਼ਰ ਆਈ। ਭਾਰਤੀ ਮੁੱਕੇਬਾਜ਼ ਨੇ ਸਬਰ ਰੱਖਿਆ ਅਤੇ ਸਟੀਕ ਮੁੱਕੇ ਜੜ ਕੇ ਅੰਕ ਲਏ। ਲਵਲੀਨਾ ਨੂੰ ਮੁਸ਼ਕਲ ਡਰਾਅ ਮਿਲਿਆ ਹੈ ਪਰ ਜੇ ਉਸ ਨੇ ਹਮੇਸ਼ਾ ਦੀ ਤਰ੍ਹਾਂ ਚੁਣੌਤੀਪੂਰਨ ਮੈਚਾਂ ਵਿੱਚ ਵਧੀਆ ਪ੍ਰਦਰਸ਼ਨ ਜਾਰੀ ਰੱਖਿਆ ਤਾਂ ਉਹ ਤਗ਼ਮਾ ਜ਼ਰੂਰ ਜਿੱਤ ਸਕਦੀ ਹੈ। ਉਸ ਨੇ ਟੋਕੀਓ ਓਲੰਪਿਕ ਦੇ ਕੁਆਰਟਰ ਫਾਈਨਲ ਵਿੱਚ ਵਿਸ਼ਵ ਚੈਂਪੀਅਨ ਚੇਨ ਨਿਏਨ-ਚਿਨ ਨੂੰ ਹਰਾ ਕੇ ਕਾਂਸੇ ਦਾ ਤਗ਼ਮਾ ਜਿੱਤਿਆ ਸੀ। -ਪੀਟੀਆਈ