ਦਵਿੰਦਰ ਸਿੰਘ ਭੰਗੂ
ਰਈਆ, 31 ਜੁਲਾਈ
ਪੰਜਾਬ ਸਰਕਾਰ ਵਲੋਂ ਜਾਰੀ ਹੁਕਮਾਂ ਤਹਿਤ ਬਾਲ ਵਿਕਾਸ ਪ੍ਰੋਜੈਕਟ ਅਫ਼ਸਰ ਰਈਆ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਇਸ ਸਬੰਧੀ ਸੀਡੀਪੀਓ ਰਈਆ ਬਿਕਰਮਜੀਤ ਸਿੰਘ ਨੇ ਕਿਹਾ ਕੇ ਉਸ ਦਾ ਪੱਖ ਸੁਣੇ ਬਿਨਾਂ ਇਕ ਪਾਸੜ ਫ਼ੈਸਲਾ ਲਿਆ ਗਿਆ ਹੈ, ਇਹ ਮਾਮਲਾ ਠੇਕੇਦਾਰਾਂ ਵਲੋਂ ਘਟੀਆ ਰਾਸ਼ਨ ਭੇਜਣ ਸਬੰਧੀ ਸੀ।
ਜਿਕਰਯੋਗ ਹੈ ਕਿ ਸੀਡੀਪੀਓ ਬਿਕਰਮਜੀਤ ਸਿੰਘ ਵੱਲੋਂ ਇਕ ਵੀਡੀਓ ਵਿੱਚ ਕਿਹਾ ਗਿਆ ਸੀ ਕਿ ਆਂਗਣਵਾੜੀ ਕੇਂਦਰਾਂ ਵਿੱਚ ਉੱਲੀ ਲੱਗਾ ਰਾਸ਼ਨ ਸਪਲਾਈ ਕੀਤਾ ਜਾ ਰਿਹਾ ਹੈ, ਜੋ ਕਿ ਜ਼ਹਿਰ ਹੈ ।
ਬਿਕਰਮਜੀਤ ਸਿੰਘ ਨੇ ਇਸ ਪ੍ਰਤੀਨਿਧ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਐਤਵਾਰ ਵਾਲੇ ਦਿਨ ਆਂਗਣਵਾੜੀ ਸੈਂਟਰਾਂ ਦੀ ਚੈਕਿੰਗ ਕਰਕੇ ਰਿਪੋਰਟਾਂ ਭੇਜਣ ਸਬੰਧੀ ਕਿਹਾ ਗਿਆ ਸੀ ਪਰ ਉਨ੍ਹਾਂ ਵਲੋ ਸੈਂਟਰਾਂ ਵਿਚ ਉੱਲੀ ਲੱਗੇ ਅਨਾਜ ਨੂੰ ਦੇਖਣ ਉਪਰੰਤ ਅਧਿਕਾਰੀਆਂ ਨੂੰ ਘਟੀਆ ਰਾਸ਼ਨ ਸਪਲਾਈ ਸਬੰਧੀ ਸ਼ਿਕਾਇਤ ਭੇਜੀ ਗਈ ਸੀ। ਉਨ੍ਹਾਂ ਆਪਣੇ ਸਾਥੀਆ ਨੂੰ ਲੈਬ ਟੈੱਸਟ ਸਬੰਧੀ ਪ੍ਰੇਰਤ ਜ਼ਰੂਰ ਕੀਤਾ ਸੀ ਪਰ ਕੋਈ ਆਡੀਓ ਜਾ ਵੀਡੀਉ ਵਾਇਰਲ ਨਹੀਂ ਕੀਤੀ ਹੈ, ਸਹੀ ਰਿਪੋਰਟ ਭੇਜਣ ਤੇ ਉਸ ਦਾ ਪੱਖ ਸੁਣਨ ਦੀ ਬਜਾਏ ਮੈਨੂੰ ਮੁਅੱਤਲ ਕਰ ਦਿੱਤਾ ਹੈ।