ਨਵੀਂ ਦਿੱਲੀ, 1 ਅਗਸਤ
ਸੁਪਰੀਮ ਕੋਰਟ ਨੇ ਮੁੱਖ ਮੰਤਰੀ ਅਰਵਿੰਦਰ ਕੇਜਰੀਵਾਲ ਦੀ ਸਰਕਾਰੀ ਰਿਹਾਇਸ਼ ’ਤੇ ‘ਆਪ’ ਦੀ ਰਾਜ ਸਭਾ ਮੈਂਬਰ ਸਵਾਤੀ ਮਾਲੀਵਾਲ ’ਤੇ ਕਥਿਤ ਹਮਲਾ ਕਰਨ ਵਾਲੇ (ਕੇਜਰੀਵਾਲ ਦੇ) ਨਿੱਜੀ ਸਕੱਤਰ ਵਿਭਵ ਕੁਮਾਰ ਨੂੰ ਲੰਮੇ ਹੱਥੀਂ ਲੈਂਦਿਆਂ ਉਸ ਦੇ ਵਕੀਲ ਅਭਿਸ਼ੇਕ ਸਿੰਘਵੀ ਨੂੰ ਸਵਾਲ ਕੀਤਾ ਕਿ ‘“ਕੀ ਇਸ ਤਰ੍ਹਾਂ ਦੇ ਗੁੰਡੇ ਨੂੰ ਮੁੱਖ ਮੰਤਰੀ ਦੀ ਰਿਹਾਇਸ਼ ’ਤੇ ਕੰਮ ਕਰਨਾ ਚਾਹੀਦਾ ਹੈ?’’ ਜਸਟਿਸ ਸੂਰਿਆ ਕਾਂਤ, ਜਸਟਿਸ ਦੀਪਾਂਕਰ ਦੱਤਾ ਤੇ ਜਸਟਿਸ ਉੱਜਲ ਭੂਯਨ ਦੇ ਬੈਂਚ ਨੇ ਕੁਮਾਰ ਦੀ ਜ਼ਮਾਨਤ ਅਰਜ਼ੀ ’ਤੇ ਸੁਣਵਾਈ ਅਗਲੇ ਬੁੱਧਵਾਰ ਲਈ ਨਿਰਧਾਰਿਤ ਕਰਦਿਆਂ ਸੀਨੀਅਰ ਵਕੀਲ ਅਭਿਸ਼ੇਕ ਸਿੰਘਵੀ ਨੂੰ ਕਿਹਾ ਕਿ ਉਹ ਦਿੱਲੀ ਹਾਈ ਕੋਰਟ ਵੱਲੋਂ ਰਿਕਾਰਡ ਕੀਤੇ ਇਸ ਘਟਨਾ ਦੇ ਵੇਰਵਿਆਂ ਤੋਂ ਹੈਰਾਨ ਹੈ। ਕੁਮਾਰ ਨੇ ਦਿੱਲੀ ਹਾਈ ਕੋਰਟ ਵੱਲੋਂ ਉਸ ਨੂੰ ਜ਼ਮਾਨਤ ਨਾ ਦੇਣ ਦੇ 12 ਜੁਲਾਈ ਦੇ ਹੁਕਮਾਂ ਨੂੰ ਚੁਣੌਤੀ ਦਿੰਦਿਆਂ ਦਾਅਵਾ ਕੀਤਾ ਸੀ ਕਿ ਉਸ ਉੱਤੇ ਲੱਗੇ ਦੋਸ਼ ਝੂਠੇ ਹਨ। ਉਸ ਨੇ ਇੰਨੀ ਗੱਲ ਵੀ ਕਹੀ ਕਿ ਜਾਂਚ ਮੁਕੰਮਲ ਹੋ ਚੁੱਕੀ ਹੈ ਜਿਸ ਕਰਕੇ ਉਸ ਦੀ ਹਿਰਾਸਤ ਦੀ ਹੁਣ ਹੋਰ ਲੋੜ ਨਹੀਂ ਹੈ। ਸੁਪਰੀਮ ਕੋਰਟ ਨੇ ਕੁਮਾਰ ਦੀ ਪਟੀਸ਼ਨ ’ਤੇ ਦਿੱਲੀ ਸਰਕਾਰ ਨੂੰ ਨੋਟਿਸ ਜਾਰੀ ਕੀਤਾ ਹੈ। ਬੈਂਚ ਨੇ ਸਿੰਘਵੀ ਨੂੰ ਸਵਾਲ ਕੀਤਾ, ‘‘ਕੀ ਸੀਐੱਮ ਦੀ ਰਿਹਾਹਿਸ਼ ਪ੍ਰਾਈਵੇਟ ਬੰਗਲਾ ਹੈ? ਕੀ ਇਸ ਤਰ੍ਹਾਂ ਦੇ ਗੁੰਡੇ ਨੂੰ ਸੀਐੱਮ ਦੀ ਰਿਹਾਇਸ਼ ’ਤੇ ਕੰਮ ਕਰਨਾ ਚਾਹੀਦਾ ਹੈ?’’ ‘ਪੀਟੀਆਈ