ਗੁਰਨਾਮ ਸਿੰਘ ਅਕੀਦਾ
ਪਟਿਆਲਾ, 1 ਅਗਸਤ
ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਬੇਗੌਰੀ ਕਾਰਨ ਮਾਈ ਭਾਗੋ ਹੋਸਟਲ ਵਿੱਚ ਵਿਦਿਆਰਥਣਾਂ ਨੂੰ ਪੀਣ ਵਾਲੇ ਪਾਣੀ ਸਣੇ ਹੋਰ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪਿਛਲੇ ਤਿੰਨ ਦਿਨਾਂ ਤੋਂ ਜਦੋਂ ਕਿਸੇ ਵੀ ਅਧਿਕਾਰੀ ਨੇ ਵਿਦਿਆਰਥਣਾਂ ਦੀ ਫਰਿਆਦ ਨਾ ਸੁਣੀ ਤਾਂ ਰਾਤ ਨੂੰ ਹੀ ਕੁੜੀਆਂ ਨੇ ਹੋਸਟਲ ਦੇ ਗੇਟ ਅੱਗੇ ਯੂਨੀਵਰਸਿਟੀ ਅਥਾਰਿਟੀ ਖ਼ਿਲਾਫ਼ ਮੁਜ਼ਾਹਰਾ ਕੀਤਾ। ਇਸ ਦੌਰਾਨ ਦਿਲਪ੍ਰੀਤ ਕੌਰ ਤੇ ਹੋਰ ਵਿਦਿਆਰਥੀ ਆਗੂਆਂ ਨੇ ਕਿਹਾ ਕਿ ਵਿਦਿਆਰਥੀਆਂ ਨੂੰ ਰਾਤ 1 ਵਜੇ ਤੱਕ ਧਰਨਾ ਲਗਾ ਕੇ ਮਾਈ ਭਾਗੋ ਹੋਸਟਲ ’ਚ ਸਹੂਲਤਾਂ ਲਈ ਸੰਘਰਸ਼ ਕਰਨਾ ਪਿਆ। ਉਨ੍ਹਾਂ ਦੱਸਿਆ ਕਿ ਵਿਦਿਆਰਥੀਆਂ ਦੇ ਏਕੇ ਅੱਗੇ ਝੁਕਦੇ ਹੋਏ ਰਾਤ 9 ਵਜੇ ਮੋਟਰ ਦਾ ਪ੍ਰਬੰਧ ਕਰਕੇ ਪੀਣ ਵਾਲੇ ਪਾਣੀ ਦਾ ਅਸਥਾਈ ਪ੍ਰਬੰਧ ਕੀਤਾ ਗਿਆ। ਪ੍ਰਸ਼ਾਸਨ ਨੇ ਕਿਹਾ ਕਿ 3 ਘੰਟਿਆਂ ਦੇ ਅੰਦਰ ਪੀਣ ਵਾਲੇ ਪਾਣੀ ਦਾ ਪੱਕਾ ਪ੍ਰਬੰਧ ਹੋ ਜਾਵੇਗਾ। ਮੋਟਰ ਲੱਗ ਗਈ ਸੀ ਇਸ ਕਰਕੇ ਵਿਦਿਆਰਥੀਆਂ ਨੇ ਪ੍ਰਸ਼ਾਸਨ ਦੀ ਮੰਨ ਕੇ 3 ਘੰਟਿਆਂ ਲਈ ਧਰਨਾ ਚੁੱਕ ਦਿੱਤਾ, ਪਰ ਰਾਤ 12 ਵਜੇ ਤੱਕ ਵੀ ਪਾਣੀ ਦਾ ਪ੍ਰਬੰਧ ਨਹੀਂ ਹੋਇਆ ਤਾਂ ਵਿਦਿਆਰਥਣਾਂ ਨੇ ਹੋਸਟਲ ਦੇ ਬਾਹਰ ਮੁੜ ਮੁਜ਼ਾਹਰਾ ਕੀਤਾ। ਇਸ ਤੋਂ ਤੁਰੰਤ ਬਾਅਦ ਮੈਨਟੀਨੈਂਸ ਦੇ ਅਧਿਕਾਰੀਆਂ ਨੇ ਆ ਕੇ ਮੋਟਰ ਵੇਖੀ ਅਤੇ ਦੱਸਿਆ ਕਿ ਛੋਟੀ ਮੋਟਰ ਪਾਈ ਗਈ ਹੈ। ਇਸ ਦੌਰਾਨ ਮੈਨਟੀਨੈਂਸ ਮੁਲਾਜ਼ਮਾਂ ’ਤੇ ਭਰੋਸਾ ਕਰਕੇ ਵਿਦਿਆਰਥੀ ਸ਼ਾਂਤ ਹੋ ਗਏ ਅਤੇ ਅੱਜ ਸਵੇਰੇ ਇਕੱਠੇ ਯੂਕੋ ਦੀਆਂ ਕਲਾਸਾਂ ’ਚੋਂ ਬਾਹਰ ਆ ਕੇ ਯੂਨੀਵਰਸਿਟੀ ਵਿਚ ਨਾਅਰੇ ਲਗਾ ਕੇ ਮਾਰਚ ਕਰਦੇ ਹੋਏ ਡੀਨ ਵਿਦਿਆਰਥੀ ਭਲਾਈ ਦਫ਼ਤਰ ਅੱਗੇ ਧਰਨਾ ਦਿੱਤਾ। ਜਾਣਕਾਰੀ ਅਨੁਸਾਰ ਵਿਦਿਆਰਥਣਾਂ ਦੇ ਪ੍ਰਦਰਸ਼ਨ ਕਾਰਨ ਪ੍ਰਸ਼ਾਸਨ ਨੇ ਐਤਵਾਰ ਤੱਕ ਪਾਣੀ ਦਾ ਪ੍ਰਬੰਧ ਕਰਨ ਦਾ ਭਰੋਸਾ ਦੇ ਕੇ ਇਸ ਸਬੰਧੀ ਨੋਟਿਸ ਕੱਢ ਦਿੱਤਾ। ਇਸ ਦੌਰਾਨ ਵਿਦਿਆਰਥੀਆਂ ਨੇ ਕਿਹਾ ਕਿ ਜਦੋਂ ਤੱਕ ਪਾਣੀ ਦਾ ਪ੍ਰਬੰਧ ਨਹੀਂ ਹੁੰਦਾ ਵਿਦਿਆਰਥੀ ਸੰਘਰਸ਼ ਵਿੱਚ ਡਟੇ ਰਹਿਣਗੇ। ਵਿਦਿਆਰਥੀਆਂ ਨੇ ਸ਼ਾਮ 6 ਵਜੇ ਦੁਆਰਾ ਇਕੱਠੇ ਹੋ ਕੇ ਸੰਘਰਸ਼ ਕਰਨ ਦਾ ਫ਼ੈਸਲਾ ਕੀਤਾ।