ਮੇਜਰ ਸਿੰਘ ਮੱਟਰਾਂ
ਭਵਾਨੀਗੜ੍ਹ, 1 ਅਗਸਤ
ਸ਼੍ਰੋਮਣੀ ਅਕਾਲੀ ਦਲ ਨਾਲ ਸਬੰਧਤ ਬਲਾਕ ਦੇ ਸੀਨੀਅਰ ਅਕਾਲੀ ਆਗੂਆਂ ਵੱਲੋਂ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਤਾਨਾਸ਼ਾਹੀ ਨੀਤੀਆਂ ਦਾ ਤਿਆਗ ਕਰ ਕੇ ਪਾਰਟੀ ਅਹੁਦੇ ਤੋਂ ਅਸਤੀਫਾ ਦੇਣ ਦੀ ਮੰਗ ਕੀਤੀ ਗਈ। ਅੱਜ ਇੱਥੇ ਪ੍ਰੈੱਸ ਕਾਨਫਰੰਸ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੀ ਰਾਜਸੀ ਮਾਮਲਿਆਂ ਬਾਰੇ ਕਮੇਟੀ ਦੇ ਮੈਂਬਰ ਹਰਵਿੰਦਰ ਸਿੰਘ ਕਾਕੜਾ, ਜ਼ਿਲ੍ਹਾ ਸਲਾਹਕਾਰ ਇੰਦਰਜੀਤ ਸਿੰਘ ਤੂਰ, ਹਰਵਿੰਦਰ ਸਿੰਘ ਢਿੱਲੋਂ, ਟਰੱਕ ਯੂਨੀਅਨ ਦੇ ਸਾਬਕਾ ਪ੍ਰਧਾਨ ਹਰਜੀਤ ਸਿੰਘ ਬੀਟਾ ਤੂਰ, ਅਜੈਬ ਸਿੰਘ ਗਹਿਲਾਂ, ਡਾ. ਗੁਰਚਰਨ ਸਿੰਘ ਪੰਨਵਾਂ, ਦਿਲਬਾਗ ਸਿੰਘ ਆਲੋਅਰਖ, ਦਰਸ਼ਨ ਸਿੰਘ ਦਿਆਲਗੜ੍ਹ , ਬਲਜਿੰਦਰ ਸਿੰਘ ਬਿੱਟੂ ਅਤੇ ਅਜੈਬ ਸਿੰਘ ਬਖੋਪੀਰ ਨੇ ਕਿਹਾ ਕਿ ਪੰਜਾਬ ਅਤੇ ਪੰਥ ਦੀ ਸਭ ਤੋਂ ਪੁਰਾਣੀ ਪਾਰਟੀ 2017 ਤੋਂ ਵਿਧਾਨ ਸਭਾ ਅਤੇ ਸੰਸਦੀ ਚੋਣਾਂ ਵਿਚ ਲਗਾਤਾਰ ਬੁਰੀ ਤਰ੍ਹਾਂ ਹਾਰਾਂ ਦਾ ਸਾਹਮਣਾ ਕਰਦੀ ਹੋਈ ਅੱਜ ਆਪਣੀ ਹੋਂਦ ਬਚਾਉਣ ਲਈ ਸੰਘਰਸ਼ ਕਰ ਰਹੀ ਹੈ।
ਉਨ੍ਹਾਂ ਕਿਹਾ ਕਿ ਅੱਜ ਜਦੋਂ ਪਾਰਟੀ ਨੂੰ ਸੰਕਟ ਵਿੱਚੋਂ ਕੱਢਣ ਲਈ ਸਿਰਜੋੜ ਕੇ ਬੈਠਣ ਅਤੇ ਵਿਚਾਰ ਕਰਨ ਦੀ ਜ਼ਰੂਰਤ ਹੈ ਤਾਂ ਅਜਿਹੇ ਨਾਜ਼ੁਕ ਮੌਕੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਤਾਨਾਸ਼ਾਹੀ ਅਤੇ ਗੈਰਸੰਵਿਧਾਨਕ ਢੰਗ ਨਾਲ ਲਗਪਗ ਸਾਰੀ ਸੀਨੀਅਰ ਲੀਡਰਸ਼ਿਪ ਨੂੰ ਪਾਰਟੀ ਵਿੱਚੋਂ ਕੱਢਣ ਦਾ ਫੁਰਮਾਨ ਜਾਰੀ ਕਰ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਪਾਰਟੀ ਦੀ ਬੇਹਤਰੀ ਲਈ ਸਵਾਲ ਪੁੱਛਣ ਵਾਲਾ ਹਰੇਕ ਆਗੂ ਵਿਰੋਧੀ ਧਿਰਾਂ ਦਾ ਪਿਛਲੱਗ ਨਹੀਂ ਹੋ ਸਕਦਾ। ਅਕਾਲੀ ਆਗੂਆਂ ਨੇ ਸਿਰਸਾ ਪ੍ਰੇਮੀ ਪ੍ਰਦੀਪ ਕਲੇਰ ਦੇ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੇ ਬਿਆਨਾਂ ’ਤੇ ਤਿੱਖੀ ਪ੍ਰਤੀਕਿਰਿਆ ਪ੍ਰਗਟ ਕਰਦਿਆਂ ਕਿਹਾ ਕਿ ਡੇਰਾ ਸਿਰਸਾ ਮੁਖੀ ਨੂੰ ਮੁਆਫੀ ਦੇਣ ਦਾ ਸੰਵੇਦਨਸ਼ੀਲ ਮਾਮਲਾ ਪਾਰਟੀ ਅਤੇ ਪੰਥ ਲਈ ਵਿਚਾਰਨ ਵਾਲਾ ਹੈ। ਉਨ੍ਹਾਂ ਦਾਅਵਾ ਕੀਤਾ ਕਿ ਪੰਜਾਬ ਅਤੇ ਪੰਥ ਦੇ ਹਿੱਤਾਂ ਦੀ ਸਿਰਫ ਅਕਾਲੀ ਦਲ ਨੇ ਹੀ ਰਾਖੀ ਕੀਤੀ ਹੈ ਅਤੇ ਅੱਜ ਪਾਰਟੀ ਨੂੰ ਮੁੜ ਪੰਥਕ ਸਿਧਾਤਾਂ ਅਨੁਸਾਰ ਖੜ੍ਹੀ ਕਰਨ ਲਈ ਹੰਭਲਾ ਮਾਰਨਾ ਚਾਹੀਦਾ ਹੈ। ਉਨ੍ਹਾਂ ਮੰਗ ਕੀਤੀ ਕਿ ਪਾਰਟੀ ਪ੍ਰਧਾਨ ਨੂੰ ਇਕ ਨਿਮਾਣੇ ਸਿੱਖ ਵੱਜੋਂ ਅਕਾਲ ਤਖ਼ਤ ਸਾਹਿਬ ਨੂੰ ਸਨਮੁੱਖ ਹੋ ਕੇ ਪ੍ਰਧਾਨਗੀ ਤੋਂ ਅਸਤੀਫ਼ਾ ਦੇ ਦੇਣਾ ਚਾਹੀਦਾ ਹੈ।
ਅਕਾਲੀ ਦਲ ਦੇ ਸੀਨੀਅਰ ਆਗੂਆਂ ਨੂੰ ਪਾਰਟੀ ’ਚੋਂ ਕੱਢਣਾ ਤਾਨਾਸ਼ਾਹੀ: ਟੌਹੜਾ
ਪਟਿਆਲਾ (ਪੱਤਰ ਪ੍ਰੇਰਕ): ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਦੇ ਪ੍ਰਜ਼ੀਡੀਅਮ ਮੈਂਬਰ ਹਰਿੰਦਰਪਾਲ ਸਿੰਘ ਟੌਹੜਾ ਨੇ ਪਾਰਟੀ ਦੀ ਅਨੁਸ਼ਾਸਨੀ ਕਮੇਟੀ ਵੱਲੋਂ ਕੁੱਝ ਸੀਨੀਅਰ ਆਗੂਆਂ ਵਿਰੁੱਧ ਕੀਤੀ ਗਈ ਕਾਰਵਾਈ ਨੂੰ ਗੈਰ ਸੰਵਿਧਾਨਕ ਅਤੇ ਤਾਨਾਸ਼ਾਹੀ ਰਵੱਈਆ ਕਰਾਰ ਦਿੱਤਾ ਹੈ। ਟੌਹੜਾ ਨੇ ਕਿਹਾ ਅਕਾਲੀ ਦਲ ਦੀ ਅਨੁਸ਼ਾਸਨੀ ਕਮੇਟੀ ਕੋਲ ਸੀਨੀਅਰ ਆਗੂਆਂ ਨੂੰ ਸਿੱਧਾ ਪਾਰਟੀ ਤੋਂ ਬਾਹਰ ਕਰਨ ਦਾ ਕੋਈ ਅਧਿਕਾਰ ਹੀ ਨਹੀਂ ਹੈ। ਉਨ੍ਹਾਂ ਕਿਹਾ ਕਿ ਅਕਾਲੀ ਦਲ ਦੇ ਸੰਵਿਧਾਨ ਮੁਤਾਬਕ ਅਨੁਸ਼ਾਸਨੀ ਕਮੇਟੀ ਕੇਵਲ ਕਿਸੇ ਆਗੂ ਨੂੰ ਪਾਰਟੀ ਵਿੱਚੋਂ ਕੱਢਣ ਦੀ ਸਿਫਾਰਿਸ਼ ਹੀ ਕਰ ਸਕਦੀ ਹੈ ਅਤੇ ਇਹ ਫੈਸਲਾ ਪਾਰਟੀ ਦੀ ਵਰਕਿੰਗ ਕਮੇਟੀ ਨੇ ਲੈਣਾ ਹੁੰਦਾ ਹੈ ਪਰ ਇਥੇ ਤਾਂ ਅਕਾਲੀ ਦਲ ਦੀ ਅਨੁਸ਼ਾਸਨੀ ਕਮੇਟੀ ਇਸ ਤਰ੍ਹਾਂ ਫੈਸਲੇ ਕਰ ਰਹੀ ਹੈ ਜਿਵੇਂ ਇਹ ਬਾਦਲ ਪਰਿਵਾਰ ਦੀ ਕਠਪੁਤਲੀ ਹੋਵੇ।