* ਅਦਾਲਤ ਵੱਲੋਂ ਸਾਰੇ ਮੁਕੱਦਮੇ ਸੁਣਵਾਈ ਯੋਗ ਕਰਾਰ
* ਅਗਲੀ ਸੁਣਵਾਈ 12 ਨੂੰ
ਪ੍ਰਯਾਗਰਾਜ, 1 ਅਗਸਤ
ਅਲਾਹਾਬਾਦ ਹਾਈ ਕੋਰਟ ਨੇ ਅੱਜ ਕਿਹਾ ਕਿ ਮਥੁਰਾ ਸਥਿਤ ਕ੍ਰਿਸ਼ਨ ਜਨਮਭੂਮੀ-ਸ਼ਾਹੀ ਈਦਗਾਹ ਵਿਵਾਦ ਸਬੰਧੀ 18 ਕੇਸਾਂ ਦੀ ਸੁਣਵਾਈ ਜਾਰੀ ਰਹੇਗੀ ਅਤੇ ਨਾਲ ਹੀ ਮਸਜਿਦ ਕਮੇਟੀ ਵੱਲੋਂ ਇਨ੍ਹਾਂ ਕੇਸਾਂ ਦੀ ਵਾਜਬੀਅਤ ਨੂੰ ਚੁਣੌਤੀ ਵਾਲੀ ਪਟੀਸ਼ਨ ਖ਼ਾਰਜ ਕਰ ਦਿੱਤੀ। ਜਸਟਿਸ ਮਯੰਕ ਕੁਮਾਰ ਜੈਨ ਨੇ ਮੁਸਲਿਮ ਵੱਲੋਂ ਦਾਇਰ ਪਟੀਸ਼ਨ ’ਤੇ ਫ਼ੈਸਲਾ 6 ਜੂਨ ਨੂੰ ਰਾਖਵਾਂ ਰੱਖ ਲਿਆ ਸੀ। ਅਦਾਲਤ ਨੇ ਹੁਣ ਇਸ ਮੁਕੱਦਮੇ ’ਚ ਮੁੱਦੇ ਤੈਅ ਕਰਨ ਲਈ ਤਰੀਕ 12 ਅਗਸਤ ਤੈਅ ਕੀਤੀ ਹੈ।
ਹਿੰਦੂ ਧਿਰਾਂ ਵੱਲੋਂ ਦਾਇਰ ਮੁਕੱਦਮਿਆਂ ’ਚ ਕ੍ਰਿਸ਼ਨ ਜਨਮਭੂਮੀ ਮੰਦਰ ਦੇ ਨਾਲ ਲੱਗਦੀ ਸ਼ਾਹੀ ਈਦਗਾਹ ਹਟਾਉਣ ਦੀ ਮੰਗ ਕੀਤੀ ਗਈ ਹੈ। ਪਟੀਸ਼ਨਾਂ ’ਚ ਦਾਅਵਾ ਕੀਤਾ ਗਿਆ ਹੈ ਕਿ ਔਰੰਗਜ਼ੇਬ ਕਾਲ ਦੀ ਇਹ ਮਸਜਿਦ ਭਗਵਾਨ ਰਾਮ ਦੇ ਜਨਮ ਸਥਾਨ ਵਾਲੀ ਜਗ੍ਹਾ ਬਣੇ ਮੰਦਰ ਨੂੰ ਢਾਹ ਕੇ ਬਣਾਈ ਗਈ ਸੀ। ਹਿੰਦੂ ਧਿਰ ਦੇ ਵਕੀਲ ਵਿਸ਼ਨੂ ਨੇ ਕਿਹਾ ਕਿ ਹਾਈ ਕੋਰਟ ਨੇ ਮੁਕੱਦਮਿਆਂ ਦੀ ਯੋਗਤਾ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ ਖ਼ਾਰਜ ਕਰ ਦਿੱਤੀ ਹੈ ਅਤੇ ਅਦਾਲਤ ਹੁਣ ਸਾਰੇ ਮੁਕੱਦਮਿਆਂ ਦੀ ਸੁਣਵਾਈ ਜਾਰੀ ਰੱਖੇਗੀ।
ਉਨ੍ਹਾਂ ਆਖਿਆ, ‘‘ਹੁਣ ਅਸੀਂ ਸੁਪਰੀਮ ਕੋਰਟ ਜਾ ਕੇ ਅਦਾਲਤ ਤੋਂ ਅਲਾਹਾਬਾਦ ਹਾਈ ਕੋਰਟ ਵੱਲੋਂ ਜਾਰੀ ਸਰਵੇਖਣ ਦੇ ਹੁਕਮਾਂ ’ਤੇ ਲੱਗੀ ਰੋਕ ਹਟਾਉਣ ਦੀ ਮੰਗ ਕਰਾਂਗੇ। ਅਸੀਂ ਅੱਜ ਦੇ ਫ਼ੈਸਲੇ ਸਬੰਧੀ ਸੁਪਰੀਮ ਕੋਰਟ ’ਚ ਇੱਕ ਕੈਵੀਏਟ ਵੀ ਦਾਇਰ ਕਰਾਂਗੇ।’’ -ਪੀਟੀਆਈ