ਪੈਰਿਸ, 1 ਅਗਸਤ
ਦੋ ਵਾਰ ਦੀ ਵਿਸ਼ਵ ਚੈਂਪੀਅਨ ਨਿਖ਼ਤ ਜ਼ਰੀਨ ਦਾ ਇਸ ਵਾਰ ਮੁੱਕੇਬਾਜ਼ੀ (50 ਕਿਲੋ ਭਾਰ ਵਰਗ) ਵਿਚ ਓਲੰਪਿਕ ਤਗ਼ਮਾ ਜਿੱਤਣ ਦਾ ਸੁਫਨਾ ਟੁੱਟ ਗਿਆ ਹੈ। ਨਿਖ਼ਤ ਨੂੰ ਅੱਜ ਇੱਥੇ ਮਹਿਲਾ ਫਲਾਈਵੇਟ ਪ੍ਰੀ-ਕੁਆਰਟਰ ਫਾਈਨਲ ਵਿੱਚ ਏਸ਼ਿਆਈ ਖੇਡਾਂ ਦੀ ਸੋਨ ਤਗ਼ਮਾ ਜੇਤੂ ਚੀਨ ਦੀ ਵੂ ਯੂ ਤੋਂ 0-5 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ।
ਨਿਖ਼ਤ ਦਾ ਇਹ ਪਹਿਲਾ ਓਲੰਪਿਕ ਸੀ ਅਤੇ ਉਸ ਨੂੰ ਕੋਈ ਦਰਜਾ ਨਹੀਂ ਮਿਲਿਆ ਸੀ ਕਿਉਂਕਿ ਵਿਸ਼ਵ ਚੈਂਪੀਅਨਸ਼ਿਪ ਕਰਵਾਉਣ ਵਾਲੀ ਕੌਮਾਂਤਰੀ ਓਲੰਪਿਕ ਕਮੇਟੀ (ਆਈਓਸੀ) ਕੌਮਾਂਤਰੀ ਮੁੱਕੇਬਾਜ਼ੀ ਐਸੋਸੀਏਸ਼ਨ (ਆਈਬੀਏ) ਨੂੰ ਕੋਈ ਮਾਨਤਾ ਨਹੀਂ ਦਿੰਦੀ ਹੈ।
ਭਾਰਤ ਲਈ ਤਗ਼ਮੇ ਦੇ ਸਭ ਤੋਂ ਮਜ਼ਬੂਤ ਦਾਅਵੇਦਾਰਾਂ ਵਿੱਚੋਂ ਇੱਕ ਨਿਖ਼ਤ ’ਤੇ ਮੌਜੂਦਾ ਫਲਾਈਵੇਟ (52 ਕਿਲੋ) ਵਿਸ਼ਵ ਚੈਂਪੀਅਨ ਯੂ ਨੇ ਪਹਿਲੇ ਹੀ ਗੇੜ ਵਿੱਚ ਦਬਾਅ ਬਣਾ ਲਿਆ ਸੀ। ਨਿਖ਼ਤ ਨੇ ਜਵਾਬੀ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਪਰ ਉਹ ਨਾਕਾਮ ਰਹੀ। ਯੂ ਦਾ ਫੁਟਵਰਕ ਬਿਹਤਰ ਸੀ, ਜਿਸ ਨਾਲ ਉਹ ਲਗਾਤਾਰ ਸਟਾਂਸ ਬਦਲ ਕੇ ਮੁੱਕੇ ਜੜਦੀ ਰਹੀ। ਦੂਜੇ ਗੇੜ ਵਿੱਚ ਨਿਖ਼ਤ ਨੇ ਕੁੱਝ ਸਿੱਧੇ ਪੰਚ ਜੜੇ ਪਰ ਯੂ ਨੇ ਉਸ ਦੇ ਚਿਹਰੇ ’ਤੇ ਮੁੱਕੇ ਮਾਰਦਿਆਂ ਅੰਕ ਬਣਾਏ। ਤੀਜੇ ਗੇੜ ਵਿੱਚ ਵੀ ਯੂ ਦੇ ਹਮਲਿਆਂ ਦਾ ਨਿਖ਼ਤ ਕੋਲ ਕੋਈ ਜਵਾਬ ਨਹੀਂ ਸੀ।
ਮੈਚ ਹਾਰਨ ਮਗਰੋਂ ਭਾਵੁਕ ਹੁੰਦਿਆਂ ਨਿਖ਼ਤ ਨੇ ਕਿਹਾ, ‘‘ਮੁਆਫ਼ ਕਰਨਾ ਦੋਸਤੋ।’’ ਉਸ ਨੇ ਕਿਹਾ, ‘‘ਮੇਰੇ ਲਈ ਇਹ ਸਿੱਖਣ ਦਾ ਤਜਰਬਾ ਸੀ। ਮੈਂ ਉਸ ਨਾਲ ਪਹਿਲਾਂ ਕਦੇ ਨਹੀਂ ਖੇਡੀ। ਉਹ ਤੇਜ਼ ਸੀ। ਮੈਂ ਘਰ ਜਾ ਕੇ ਇਸ ਮੈਚ ਦਾ ਵਿਸ਼ਲੇਸ਼ਣ ਕਰਾਂਗੀ। ਮੈਂ ਸਖ਼ਤ ਮਿਹਨਤ ਕੀਤੀ ਸੀ ਅਤੇ ਆਪਣੇ-ਆਪ ਨੂੰ ਓਲੰਪਿਕ ਲਈ ਸਰੀਰਕ ਅਤੇ ਮਾਨਸਿਕ ਤੌਰ ’ਤੇ ਤਿਆਰ ਕੀਤਾ ਸੀ। ਮੈਂ ਹੋਰ ਮਜ਼ਬੂਤੀ ਨਾਲ ਵਾਪਸ ਆਵਾਂਗੀ।’’ -ਪੀਟੀਆਈ