ਪੱਤਰ ਪ੍ਰੇਰਕ
ਨਵੀਂ ਦਿੱਲੀ, 1 ਅਗਸਤ
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰਬੰਧਕਾਂ ਵੱਲੋਂ ਪਿਛਲੇ ਦਿਨੀਂ ਕੀਰਤਨੀ ਜਥਿਆਂ ਨੂੰ ਗੁਰਬਾਣੀ ਦੀ ਪੁਰਾਤਨ ਮਰਿਆਦਾ ਨੂੰ ਧਿਆਨ ਵਿੱਚ ਰੱਖਦਿਆਂ ਕੀਰਤਨ ਕਰਨ ਦੀ ਹਦਾਇਤ ਕੀਤੀ ਗਈ ਸੀ, ਜਿਸ ਦੀ ਰਾਗੀ ਜਥਿਆਂ, ਗ੍ਰੰਥੀ ਸਾਹਿਬਾਨ ਸਮੇਤ ਸਿੱਖ ਬੁੱਧੀਜੀਵੀਆਂ ਅਤੇ ਕਮੇਟੀ ਦੇ ਵਿਰੋਧੀਆਂ ਵੱਲੋਂ ਵੀ ਪ੍ਰਸ਼ੰਸਾ ਕੀਤੀ ਜਾ ਰਹੀ ਹੈ। ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦਫ਼ਤਰ ਵਿੱਚ ਅੱਜ ਰਾਗੀ ਜਥਿਆਂ, ਗ੍ਰੰਥੀ ਸਾਹਿਬ ਨੇ ਪਹੁੰਚ ਕੇ ਮਰਿਆਦਾ ਅਨੁਸਾਰ ਕੀਰਤਨ ਕਰਨ ਦੇ ਫ਼ੈਸਲੇ ਲਈ ਕਮੇਟੀ ਪ੍ਰਧਾਨ ਹਰਮੀਤ ਸਿੰਘ ਕਾਲਕਾ, ਜਨਰਲ ਸਕੱਤਰ ਜਗਦੀਪ ਸਿੰਘ ਕਾਹਲੋਂ, ਧਰਮ ਪ੍ਰਚਾਰ ਚੇਅਰਮੈਨ ਜਸਪ੍ਰੀਤ ਸਿੰਘ ਕਰਮਸਰ ਦਾ ਸਵਾਗਤ ਕੀਤਾ। ਉਨ੍ਹਾਂ ਕਿਹਾ ਕਿ ਇਹ ਫ਼ੈਸਲਾ ਬਹੁਤ ਹੀ ਸ਼ਲਾਘਾਯੋਗ ਹੈ ਇਸ ਨਾਲ ਆਉਣ ਵਾਲੇ ਸਮੇਂ ਦਿੱਲੀ ਹੀ ਨਹੀਂ ਪੂਰੇ ਦੇਸ਼ ਵਿੱਚ ਪੁਰਾਤਨ ਮਰਿਆਦਾ ਵਿੱਚ ਕੀਰਤਨ ਕੀਤਾ ਜਾਵੇਗਾ। ਦਿੱਲੀ ਕਮੇਟੀ ਪ੍ਰਧਾਨ ਹਰਮੀਤ ਸਿੰਘ ਕਾਲਕਾ, ਜਨਰਲ ਸਕੱਤਰ ਜਗਦੀਪ ਸਿੰਘ ਕਾਹਲੋਂ ਅਤੇ ਧਰਮ ਪ੍ਰਚਾਰ ਚੇਅਰਮੈਨ ਜਸਪ੍ਰੀਤ ਸਿੰਘ ਕਰਮਸਰ ਨੇ ਰਾਗੀ ਜਥਿਆਂ ਅਤੇ ਗ੍ਰੰਥੀ ਸਾਹਿਬਾਨ ਤੋਂ ਗੁਰਬਾਣੀ ਕੀਰਤਨ ਮਰਿਆਦਾ ਬਹਾਲ ਕਰਨ ਲਈ ਸੁਝਾਅ ਵੀ ਲਏ ਤਾਂ ਕਿ ਆਉਣ ਵਾਲੇ ਸਮੇਂ ਵਿੱਚ ਇਸ ਦਿਸ਼ਾ ਵਿੱਚ ਹੋਰ ਸੁਧਾਰ ਕੀਤੇ ਜਾਣ। ਇਨ੍ਹਾਂ ਆਗੂਆਂ ਨੇ ਦਿੱਲੀ ਦੀਆਂ ਸਿੰਘ ਸਭਾਵਾਂ ਨੂੰ ਵੀ ਇਸ ਫ਼ੈਸਲੇ ਨੂੰ ਆਪਣੇ ਗੁਰਦੁਆਰਿਆਂ ਵਿੱਚ ਬਹਾਲ ਕਰਨ ਦੀ ਅਪੀਲ ਕੀਤੀ ਹੈ ਤਾਂ ਕਿ ਹਰ ਸਟੇਜ ’ਤੇ ਰਾਗੀ ਜਥੇ ਕੀਰਤਨ ਕਰਦੇ ਸਮੇਂ ਪੁਰਾਤਨ ਮਰਿਆਦਾ ਨੂੰ ਧਿਆਨ ਵਿੱਚ ਰੱਖਦਿਆਂ ਕੀਰਤਨ ਕਰਨ।