ਪੱਤਰ ਪ੍ਰੇਰਕ
ਨਵੀਂ ਦਿੱਲੀ, 1 ਅਗਸਤ
ਦਿੱਲੀ ਦੇ ਮਯੂਰ ਵਿਹਾਰ ਫੇਜ਼-3 ਵਿੱਚ ਡੀਡੀਏ ਵੱਲੋਂ ਨਿਰਮਾਣ ਅਧੀਨ ਨਾਲੇ ਵਿੱਚ ਡਿੱਗ ਕੇ ਮਾਂ-ਪੁੱਤ ਦੀ ਮੌਤ ਤੋਂ ਗੁੱਸੇ ਵਿੱਚ ਆਏ ਆਮ ਆਦਮੀ ਪਾਰਟੀ ਦੇ ਵਰਕਰਾਂ ਨੇ ਰੋਸ ਪ੍ਰਦਰਸ਼ਨ ਕੀਤਾ। ‘ਆਪ’ ਵਿਧਾਇਕ ਕੁਲਦੀਪ ਕੁਮਾਰ ਅਤੇ ਤ੍ਰਿਲੋਕਪੁਰੀ ਤੋਂ ‘ਆਪ’ ਵਿਧਾਇਕ ਰੋਹਿਤ ਮਹਿਰੌਲੀਆ ਦੀ ਅਗਵਾਈ ਵਿੱਚ ਵਰਕਰਾਂ ਨੇ ਘਟਨਾ ਵਾਲੀ ਥਾਂ ’ਤੇ ਪਹੁੰਚ ਕੇ ਹਲਕਾ ਵਿਧਾਇਕ ਅਤੇ ਭਾਜਪਾ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਵਰਕਰਾਂ ਨੇ ‘ਐੱਲਜੀ ਅਸਤੀਫਾ ਦਿਓ’, ‘ਦੋਸ਼ੀ ਅਧਿਕਾਰੀਆਂ ਖ਼ਿਲਾਫ਼ ਕਾਰਵਾਈ ਕਰੋ’ ਅਤੇ ਹੋਰ ਨਾਅਰੇ ਲਿਖੇ ਤਖਤੀਆਂ ਫੜੀਆਂ ਹੋਈਆਂ ਸਨ। ਇਸ ਦੌਰਾਨ ਕੁਲਦੀਪ ਕੁਮਾਰ ਨੇ ਦੱਸਿਆ ਕਿ ਡੀਡੀਏ ਦੀ ਅਣਗਹਿਲੀ ਕਾਰਨ ਔਰਤ ਅਤੇ ਉਸ ਦੇ ਢਾਈ ਸਾਲ ਦੇ ਬੱਚੇ ਦੀ ਜਾਨ ਚਲੀ ਗਈ ਹੈ। ਉਨ੍ਹਾਂ ਕਿਹਾ ਕਿ ਐੱਲਜੀ ਨੇ ਦੋਸ਼ੀ ਅਧਿਕਾਰੀਆਂ ਖ਼ਿਲਾਫ਼ ਕੋਈ ਕਾਰਵਾਈ ਨਹੀਂ ਕੀਤੀ। ਉਨ੍ਹਾਂ ਮੰਗ ਕੀ ਕਿ ਮੁਲਜ਼ਮਾਂ ਖ਼ਿਲਾਫ਼ ਕਤਲ ਦਾ ਕੇਸ ਦਰਜ ਕੀਤਾ ਜਾਵੇ ਅਤੇ ਐੱਲਜੀ ਨੂੰ ਆਪਣੇ ਅਹੁਦੇ ਤੋਂ ਅਸਤੀਫਾ ਦੇਣਾ ਚਾਹੀਦਾ ਹੈ। ਇਸ ਦੇ ਨਾਲ ਹੀ ਰੋਹਿਤ ਮਹਿਰੌਲੀਆ ਨੇ ਪੀੜਤ ਪਰਿਵਾਰ ਨੂੰ ਉਚਿਤ ਮੁਆਵਜ਼ਾ ਦੇਣ ਦੀ ਮੰਗ ਕੀਤੀ ਹੈ। ਕੌਂਡਲੀ ਤੋਂ ‘ਆਪ’ ਵਿਧਾਇਕ ਕੁਲਦੀਪ ਕੁਮਾਰ ਨੇ ਦੱਸਿਆ ਕਿ ਮਯੂਰ ਵਿਹਾਰ ਫੇਜ਼ 3 ਵਿੱਚ ਕੇਰਲਾ ਸਕੂਲ ਰੋਡ ’ਤੇ ਵਾਰ-ਵਾਰ ਬੇਨਤੀ ਕਰਨ ਤੋਂ ਬਾਅਦ ਡੀਡੀਏ ਨੇ ਇਸ ਡਰੇਨ ਦੀ ਮੁੜ ਉਸਾਰੀ ਦਾ ਕੰਮ ਸ਼ੁਰੂ ਕਰਵਾਇਆ ਪਰ ਡੀਡੀਏ ਅਧਿਕਾਰੀਆਂ ਨੇ ਇਸ ਡਰੇਨ ਨੂੰ ਨਾ ਤਾਂ ਢਕਿਆ ਅਤੇ ਨਾ ਹੀ ਇਸ ’ਤੇ ਬੈਰੀਕੇਡ ਲਗਾਇਆ ਗਿਆ ਸੀ। ਇਸ ਕਾਰਨ ਇਹ ਹਾਦਸਾ ਵਾਪਰ ਗਿਆ। ਕੁਲਦੀਪ ਕੁਮਾਰ ਨੇ ਕਿਹਾ ਕਿ ਡੀਡੀਏ ਸਿੱਧੇ ਤੌਰ ’ਤੇ ਐੱਲਜੀ ਦੇ ਅਧੀਨ ਹੈ। ਵਿਧਾਇਕ ਰੋਹਿਤ ਮਹਿਰੋਲੀਆ ਨੇ ਪੀੜਤ ਪਰਿਵਾਰ ਲਈ ਮੁਆਵਜ਼ੇ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਜੇ ਰਾਜਿੰਦਰ ਨਗਰ ਕਾਂਡ ਤੋਂ ਬਾਅਦ ਸਖ਼ਤ ਕਾਰਵਾਈ ਕੀਤੀ ਹੁੰਦੀ ਅਤੇ ਐੱਮਸੀਡੀ ਕਮਿਸ਼ਨਰ ਸਮੇਤ ਸਾਰੇ ਦੋਸ਼ੀ ਅਧਿਕਾਰੀਆਂ ਨੂੰ ਮੁਅੱਤਲ ਕੀਤਾ ਹੁੰਦਾ ਤਾਂ ਅੱਜ ਇਹ ਘਟਨਾ ਨਾ ਵਾਪਰਦੀ।
ਸੰਜੈ ਸਿੰਘ ਵੱਲੋਂ ਉਪ ਰਾਜਪਾਲ ਤੇ ਡੀਡੀਏ ਦੇ ਚੇਅਰਪਰਸਨ ਦੀ ਆਲੋਚਨਾ
ਨਵੀਂ ਦਿੱਲੀ (ਪੱਤਰ ਪ੍ਰੇਰਕ):
‘ਆਪ’ ਨੇ ਮੀਂਹ ਕਾਰਨ ਮਾਂ-ਪੁੱਤ ਦੀ ਮੌਤ ਮਗਰੋਂ ਉਪ ਰਾਜਪਾਲ ਵੀਕੇ ਸਕਸੈਨਾ ਅਤੇ ਦਿੱਲੀ ਵਿਕਾਸ ਅਥਾਰਟੀ ਦੇ ਚੇਅਰਪਰਸਨ ਦੀ ਆਲੋਚਨਾ ਕੀਤੀ ਅਤੇ ਜ਼ਿੰਮੇਵਾਰ ਅਧਿਕਾਰੀਆਂ ਵਿਰੁੱਧ ਕਾਰਵਾਈ ਦੀ ਮੰਗ ਕੀਤੀ। ਰਾਜ ਸਭਾ ਮੈਂਬਰ ਸੰਜੈ ਸਿੰਘ ਨੇ ਇਸ ਘਟਨਾ ਨੂੰ ਮੰਦਭਾਗਾ ਦੱਸਿਆ ਅਤੇ ਦੱਸਿਆ ਕਿ ਡੀਡੀਏ, ਉਪ ਰਾਜਪਾਲ ਦੀ ਪ੍ਰਧਾਨਗੀ ਹੇਠ ਡਰੇਨ ਦਾ ਪੁਨਰ ਵਿਕਾਸ ਕਰ ਰਿਹਾ ਸੀ ਅਤੇ ਅਧਿਕਾਰੀ ਸਿੱਧੇ ਉਸ ਨੂੰ ਰਿਪੋਰਟ ਕਰਦੇ ਹਨ। ਉਨ੍ਹਾਂ ਉਪ ਰਾਜਪਾਲ ਦੇ ਅਸਤੀਫ਼ੇ ਦੀ ਮੰਗ ਕੀਤੀ। ਇਸ ਮੌਕੇ ‘ਆਪ’ ਵਿਧਾਇਕ ਕੁਲਦੀਪ ਕੁਮਾਰ ਅਤੇ ‘ਆਪ’ ਦੇ ਮੁੱਖ ਬੁਲਾਰੇ ਪ੍ਰਿਅੰਕਾ ਕੱਕੜ ਨੇ ਵੀ ਉਪ ਰਾਜਪਾਲ ਦੀ ਆਲੋਚਨਾ ਕੀਤੀ।