ਕੇਰਲ, 2 ਅਗਸਤ
ਕੇਰਲ ਦੇ ਵਾਇਨਾਡ ਵਿਚ ਵੱਖ ਵੱਖ ਥਾਵਾਂ ’ਤੇ ਢਿੱਗਾਂ ਖਿਸਕਣ ਕਾਰਨ ਮਰਨ ਵਾਲਿਆਂ ਦੀ ਗਿਣਤੀ 308 ਹੋ ਗਈ ਹੈ। ਕੇਰਲ ਦੀ ਸਿਹਤ ਮੰਤਰੀ ਵੀਨਾ ਜਾਰਜ ਨੇ ਸ਼ੁੱਕਰਵਾਰ ਨੂੰ ਇਸਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਹੁਣ ਤੱਕ 195 ਲਾਸ਼ਾਂ ਅਤੇ 113 ਮਨੁੱਖੀ ਸਰੀਰਾਂ ਦੇ ਅੰਗ ਬਰਾਮਦ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਮੇਪਦੀ ਅਤੇ ਚੂਰਲਮਾਮਲਾ ਅਤੇ ਮੁੰਡਕਾਈ ਵਿਚ ਬਚਾਅ ਅਤੇ ਰਾਹਤ ਕਾਰਜ ਚੱਲ ਰਹੇ ਹਨ। ਉਧਰ ਭਾਰਤੀ ਫੌਜ ਨੇ 190 ਫੁੱਟ ਦਾ ਬੇਲੀ ਬ੍ਰਿਜ ਸਿਵਲ ਪ੍ਰਸ਼ਾਸਨ ਨੂੰ ਸੌਂਪ ਦਿੱਤਾ।
ਇਸ ਤੋਂ ਪਹਿਲਾਂ ਵੀਰਵਾਰ ਨੂੰ ਵਾਇਨਾਡ ਦੇ ਸਾਬਕਾ ਸੰਸਦ ਮੈਂਬਰ ਰਾਹੁਲ ਗਾਂਧੀ ਅਤੇ ਕਾਂਗਰਸ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਨੇ ਵੀਰਵਾਰ ਨੂੰ ਪ੍ਰਭਾਵਿਤ ਜਗ੍ਹਾ ਦਾ ਦੌਰਾ ਕੀਤਾ ਅਤੇ ਉਹ ਵਾਇਨਾਡ ਦੇ ਰਾਹਤ ਕੈਂਪਾਂ ਵਿੱਚ ਲੋਕਾਂ ਨੂੰ ਮਿਲੇ।
ਕੇਰਲ ਦੇ ਮੁੱਖ ਮੰਤਰੀ ਪਿਨਾਰਾਈ ਵਿਜਯਨ ਨੇ ਸਥਿਤੀ ਦਾ ਜਾਇਜ਼ਾ ਲੈਣ ਲਈ ਵਾਇਨਾਡ ਵਿੱਚ ਇੱਕ ਉੱਚ ਪੱਧਰੀ ਮੀਟਿੰਗ ਕੀਤੀ ਹੈ। ਇਸ ਮੌਕੇ ਉਨ੍ਹਾਂ ਕਿਹਾ ਕਿ ਬਚਾਅ ਕਾਰਜ ਸਾਡੀ ਮੁੱਖ ਤਰਜੀਹ ਹੋਵੇਗੀ ਅਤੇ ਜਲਦੀ ਤੋਂ ਜਲਦੀ ਮੁੜ ਵਸੇਬਾ ਕੀਤਾ ਜਾਵੇਗਾ। -ਏਐੱਨਆਈ