ਪੱਤਰ ਪ੍ਰੇਰਕ
ਪਠਾਨਕੋਟ, 2 ਅਗਸਤ
ਭਾਰਤ ਦੇ ਪਹਿਲੇ ਪਰਮਵੀਰ ਚੱਕਰ ਜੇਤੂ ਸ਼ਹੀਦ ਕੈਪਟਨ ਗੁਰਬਚਨ ਸਿੰਘ ਸਲਾਰੀਆ ਦੇ ਨਾਂ ਵਾਲੀ ਘਰੋਟਾ ਰੋਡ ਦੀ ਖਸਤਾ ਹਾਲਤ ਨੂੰ ਲੈ ਕੇ ਖੇਤਰ ਦੇ ਪੰਚਾਂ, ਸਰਪੰਚਾਂ ਅਤੇ ਹੋਰ ਮੋਹਤਬਰਾਂ ਦੇ ਵਫ਼ਦ ਨੇ ਏਡੀਸੀ ਅੰਕੁਰਜੀਤ ਸਿੰਘ ਨੂੰ ਮੰਗ ਪੱਤਰ ਸੌਂਪਿਆ। ਮੁੱਖ ਆਗੂ ਸ਼ਾਮ ਲਾਲ ਸ਼ਰਮਾ ਨੇ ਦੱਸਿਆ ਕਿ 18 ਫੁੱਟ ਚੌੜੀ ਇਸ ਲਿੰਕ ਰੋਡ ਦਾ ਨਿਰਮਾਣ ਕੰਮ ਸਾਲ 2016 ਵਿੱਚ ਸ਼ੁਰੂ ਹੋਇਆ ਸੀ। ਲਗਪਗ ਅੱਠ ਸਾਲ ਬਾਅਦ ਵੀ ਇਸ ਦੀ ਮੁਰੰਮਤ ਨਾ ਹੋਣ ਕਾਰਨ ਸੜਕ ’ਤੇ ਟੋਏ ਪੈ ਗਏ ਹਨ। ਇਲਾਕਾ ਵਾਸੀਆਂ ਨੂੰ ਆਪਣੇ ਰੋਜ਼ਮਰਾ ਦੇ ਕੰਮਾਂ, ਵਿਦਿਆਰਥੀਆਂ ਨੂੰ ਸਕੂਲਾਂ, ਕਾਲਜਾਂ ਨੂੰ ਜਾਣਾਂ ਬਹੁਤ ਹੀ ਮੁਸ਼ਕਲ ਹੁੰਦਾ ਹੈ। ਪ੍ਰਸ਼ਾਸਨ ਵੱਲੋਂ ਇਸ ਮਾਰਗ ਦੀ ਸ਼ੁੱਧ ਨਾ ਲੈਣ ਕਰਕੇ ਇਲਾਕਾ ਵਾਸੀਆਂ ਵਿੱਚ ਰੋਸ ਪਾਇਆ ਹੈ। ਏਡੀਸੀ ਅੰਕੁਰਜੀਤ ਸਿੰਘ ਨੇ ਮੌਕੇ ’ਤੇ ਹੀ ਲੋਕ ਨਿਰਮਾਣ ਵਿਭਾਗ ਦੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਇਲਾਕਾ ਵਾਸੀਆਂ ਦੀ ਇਸ ਸਮੱਸਿਆ ਦਾ ਪਹਿਲ ਦੇ ਆਧਾਰ ’ਤੇ ਹੱਲ ਕੀਤਾ ਜਾਵੇ। ਇਸ ਮੌਕੇ ਸਾਬਕਾ ਜ਼ਿਲ੍ਹਾ ਪ੍ਰੀਸ਼ਦ ਪ੍ਰਧਾਨ ਗੋਵਰਧਨ ਗੋਪਾਲ, ਨਿਰਮਲ ਸਿੰਘ, ਰਣਦੀਪ ਡਡਵਾਲ, ਤਰਸੇਮ ਸਿੰਘ, ਦਿਆਲ ਸਿੰਘ, ਭੁਪਿੰਦਰ ਸਿੰਘ ਹਾਜ਼ਰ ਸਨ।