ਪੱਤਰ ਪ੍ਰੇਰਕ
ਪਟਿਆਲਾ, 2 ਅਗਸਤ
ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿੱਚ ਸੀਨੀਅਰ ਸਹਾਇਕਾਂ ਵੱਲੋਂ ਨਿਗਰਾਨ ਦੀ ਪਦਉੱਨਤੀ ਸਬੰਧੀ ਭੁੱਖ ਹੜਤਾਲ ਛੇਵੇਂ ਦਿਨ ਵੀ ਜਾਰੀ ਰੱਖੀ ਗਈ। ਭੁੱਖ ਹੜਤਾਲ ਦੌਰਾਨ ਕਰਮਚਾਰੀਆਂ ਦੀ ਸਿਹਤ ਕਾਫ਼ੀ ਨਾਜ਼ੁਕ ਦੱਸੀ ਜਾ ਰਹੀ ਹੈ। ਅੱਜ ਦੇ ਧਰਨੇ ਦੌਰਾਨ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਮੇਜਰ ਰਮਨ ਪਾਲ ਮਲਹੋਤਰਾ ਨੇ ਯੂਨੀਵਰਸਿਟੀ ਦੇ ਸੈਨੇਟ ਮੈਂਬਰ ਵੱਲੋਂ ਭੁੱਖ ਹੜਤਾਲ ’ਤੇ ਬੈਠੇ ਕਰਮਚਾਰੀਆਂ ਨੂੰ ਧਰਨਾ ਖ਼ਤਮ ਕਰਨ ਅਤੇ ਜਲਦ ਤਰੱਕੀਆਂ ਕਰਵਾਉਣ ਦਾ ਭਰੋਸਾ ਦਿੱਤਾ। ਪਰ ਕਰਮਚਾਰੀਆਂ ਨੇ ਪੱਤਰ ਜਾਰੀ ਹੋਣ ਤੱਕ ਭੁੱਖ ਹੜਤਾਲ ਜਾਰੀ ਰੱਖਣ ਦਾ ਫ਼ੈਸਲਾ ਲਿਆ। ਇਸ ਮੌਕੇ ਸੀਨੀਅਰ ਸਹਾਇਕ ਰਾਜ ਕੁਮਾਰ, ਪਰਵਿੰਦਰ ਕੌਰ, ਹਰੀਸ਼ ਕੁਮਾਰ, ਮਨਜੀਤ ਸਿੰਘ ਭੁੱਖ ਹੜਤਾਲ ’ਤੇ ਬੈਠੇ ਹੋਏ ਹਨ। ਕਰਮਚਾਰੀ ਸੰਘ ਅ ਅਤੇ ੲ ਵਰਗ ਦੇ ਪ੍ਰਧਾਨ ਰਾਜਿੰਦਰ ਸਿੰਘ ਬਾਗੜੀਆਂ, ਮੀਤ ਪ੍ਰਧਾਨ ਪ੍ਰਕਾਸ਼ ਸਿੰਘ ਧਾਲੀਵਾਲ, ਜਨਰਲ ਸਕੱਤਰ ਅਮਰਜੀਤ ਕੌਰ ਸੰਘ ਦੇ ਮੈਂਬਰਾਂ ਵੱਲੋਂ ਵੀ ਧਰਨੇ ਵਿੱਚ ਸ਼ਮੂਲੀਅਤ ਕਰਕੇ ਪ੍ਰਸ਼ਾਸਨ ਨਾਲ ਤਾਲਮੇਲ ਕਰਕੇ ਹਮਾਇਤ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਕਰਮਚਾਰੀਆਂ ਦੀ ਸਿਹਤ ਕਿਸੇ ਸਮੇਂ ਵੀ ਖ਼ਰਾਬ ਹੋ ਸਕਦੀ ਹੈ। ਆਗੂਆਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਗਈ ਕਿ ਯੂਨੀਵਰਸਿਟੀ ਵਿੱਚ ਖ਼ਾਲੀ ਪਈਆਂ ਰਜਿਸਟਰਾਰ ਅਤੇ ਡੀਨ ਅਕਾਦਮਿਕ ਦੀਆਂ ਅਸਾਮੀਆਂ ਨੂੰ ਭਰਿਆ ਜਾਵੇ ਤਾਂ ਜੋ ਯੂਨੀਵਰਸਿਟੀ ਵਿੱਚ ਕਰਮਚਾਰੀਆਂ ਦੇ ਰੁਕੇ ਹੋਏ ਕੰਮ ਹੋ ਸਕਣ। ਇਸ ਮੌਕੇ ਗੁਰਿੰਦਰਪਾਲ ਸਿੰਘ ਬੱਬੀ, ਅਮਰਜੀਤ ਕੌਰ, ਨਵਦੀਪ ਸਿੰਘ, ਉਂਕਾਰ ਸਿੰਘ, ਗੁਰਪਿਆਰ ਸਿੰਘ ਆਦਿ ਕਰਮਚਾਰੀ ਸ਼ਾਮਲ ਹੋਏ।