ਨਿੱਜੀ ਪੱਤਰ ਪ੍ਰੇਰਕ
ਮਾਲੇਰਕੋਟਲਾ, 2 ਅਗਸਤ
ਪਿੰਡ ਨਾਰੀਕੇ ਵਿੱਚ 23.50 ਲੱਖ ਰੁਪਏ ਦੀ ਲਾਗਤ ਨਾਲ ਤਿਆਰ ਕੀਤੀ ਆਧੁਨਿਕ ਸਹੂਲਤਾਂ ਨਾਲ ਲੈਸ ਸੱਥ ਦੀ ਇਮਾਰਤ ਦਾ ਉਦਘਾਟਨ ਡਿਪਟੀ ਕਮਿਸ਼ਨਰ ਡਾ. ਪੱਲਵੀ ਨੇ ਕੀਤਾ। ਇਸ ਮੌਕੇ ਜ਼ਿਲ੍ਹਾ ਪੁਲੀਸ ਮੁਖੀ ਡਾ. ਸਿਮਰਤ ਕੌਰ ਅਤੇ ਵਿਧਾਇਕ ਜਸਵੰਤ ਸਿੰਘ ਗੱਜਣਮਾਜਰਾ ਦੀ ਪਤਨੀ ਪਰਮਿੰਦਰ ਕੌਰ ਮੰਡੇਰ ਵੀ ਮੌਜੂਦ ਸਨ। ਡਾ. ਪੱਲਵੀ ਨੇ ਕਿਹਾ ਕਿ ਸੱਥ ਅਮੀਰ ਸੱਭਿਆਚਾਰ ਦੀਆਂ ਸਮਾਜਿਕ ਸਾਂਝਾਂ ਤੇ ਕਦਰਾਂ ਕੀਮਤਾਂ ਦਾ ਪ੍ਰਤੀਕ ਹੈ। ਸੱਥਾਂ ਤੋਂ ਬਿਨਾਂ ਪੰਜਾਬ ਦੇ ਪਿੰਡ ਦੀ ਹੋਂਦ ਅਧੂਰੀ ਹੈ ਅਤੇ ਸੱਥਾਂ ਹੀ ਕਿਸੇ ਪਿੰਡ ਦੀ ਰੂਹ ਅਤੇ ਆਤਮਾ ਦੀ ਪ੍ਰਤੀਕ ਹੁੰਦੀਆਂ ਹਨ। ਜ਼ਿਲ੍ਹਾ ਪੁਲੀਸ ਮੁਖੀ ਡਾ. ਸਿਮਰਤ ਕੌਰ ਨੇ ਕਿਹਾ ਕਿ ਸਾਂਝੇ ਸਥਾਨ ’ਤੇ ਸੱਥਾਂ ਪਿੰਡ ਦੇ ਅਮੀਰ ਵਿਰਸੇ ਨੂੰ ਦਰਸਾਉਂਦੀਆਂ ਹਨ ਅਤੇ ਕਿਸੇ ਵੀ ਵਿਸ਼ੇ ’ਤੇ ਲੋਕ ਮਤ ਪੈਦਾ ਕਰਨ ਵਿੱਚ ਵੀ ਸਹਾਇਕ ਹੁੰਦੀਆਂ ਹਨ। ਉਨ੍ਹਾਂ ਨੇ ਨਸ਼ਾ ਵੇਚਣ ਵਾਲਿਆਂ ਦਾ ਸਮਾਜਿਕ ਬਾਈਕਾਟ ਕਰਨ ’ਤੇ ਜ਼ੋਰ ਦਿੱਤਾ। ਪਰਮਿੰਦਰ ਕੌਰ ਮੰਡੇਰ ਨੇ ਕਿਹਾ ਕਿ ਸੂਬਾ ਸਰਕਾਰ ਪੰਜਾਬ ਦੇ ਚੌਤਰਫ਼ੇ ਵਿਕਾਸ ਲਈ ਵਚਨਬੱਧ ਹੈ। ਇਸ ਮੌਕੇ ਪ੍ਰਬੰਧਕ ਗ੍ਰਾਮ ਪੰਚਾਇਤ ਬਹਾਦਰ ਸਿੰਘ, ਪਵਿੱਤਰ ਸਿੰਘ, ਮਹਿੰਦਰ ਸਿੰਘ, ਸੁਖਵਿੰਦਰ ਕੌਰ, ਦਲਜੀਤ ਕੌਰ, ਲਾਲਾ ਸਿੰਘ ਨਾਰੀਕੇ ਤੇ ਡਾ. ਦਲਜੀਤ ਸਿੰਘ ਨਾਰੀਕੇ ਆਦਿ ਹਾਜ਼ਰ ਸਨ।