ਪੱਤਰ ਪ੍ਰੇਰਕ
ਬੋਹਾ, 2 ਅਗਸਤ
ਭਾਜਪਾ ਦੇ ਸੀਨੀਅਰ ਆਗੂ ਹਰਜੀਤ ਸਿੰਘ ਗਰੇਵਾਲ ਨੇ ਆਖਿਆ ਕਿ ਕੌਮੀ ਵਿਚਾਰਧਾਰਾ ਰੱਖਣ ਵਾਲੀ ਪਾਰਟੀ ਅਨੁਸ਼ਾਸਿਤ ਪਾਰਟੀ ਹੈ ਜਿਸ ਦਾ ਮਕਸਦ ਕੇਵਲ ਸੱਤਾ ’ਤੇ ਕਾਬਜ਼ ਹੋਣਾ ਨਹੀਂ ਹੈ ਸਗੋਂ ਆਪਣੇ ਲੋਕ ਭਲਾਈ ਦੇ ਏਜੰਡੇ ਨੂੰ ਅੱਗੇ ਲਿਜਾਣਾ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਤੇ ਖੇਤ ਮਜ਼ਦੂਰਾਂ ਦਾ ਆਰਥਿਕ ਸੰਕਟ ਡੂੰਘਾ ਕਰਨ ਵਿਚ ਕਾਂਗਰਸ ਪਾਰਟੀ ਦੀਆਂ ਨੀਤੀਆਂ ਦਾ ਵੱਡਾ ਹੱਥ ਰਿਹਾ ਹੈ। ਦੇਸ਼ ਦਾ ਕਿਸਾਨ ਤੇ ਖੇਤ ਮਜ਼ਦੂਰ ਭਾਜਪਾ ਦਾ ਪੱਕਾ ਹਮਾਇਤੀ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਤੇ ਆਮ ਆਦਮੀ ਪਾਰਟੀ ਦੀ ਕੋਈ ਵਿਚਾਰਧਾਰਾ ਨਹੀਂ ਹੈ। ਇਹ ਦੋਵੇਂ ਪਾਰਟੀਆਂ ਇੰਡੀਆ ਗੱਠਜੋੜ ਦਾ ਹਿੱਸਾ ਹਨ ਤੇ ਦੂਜੇ ਪਾਸੇ ਪੰਜਾਬ ਵਿਚ ਵੱਖ-ਵੱਖ ਚੋਣਾਂ ਲੜਨ ਦਾ ਡਰਾਮਾ ਕੀਤਾ ਹੈ।