ਭੁਪਿੰਦਰ ਪੰਨੀਵਾਲੀਆ
ਕਾਲਾਂਵਾਲੀ, 2 ਅਗਸਤ
ਪਿੰਡ ਜਗਮਾਲਵਾਲੀ ਦੇ ਮਸਤਾਨਾ ਸ਼ਾਹ ਬਲੋਚਸਤਾਨੀ ਆਸ਼ਰਮ ਦੇ ਮੁਖੀ ਸੰਤ ਬਹਾਦਰ ਚੰਦ ਵਕੀਲ ਦਾ ਸਸਕਾਰ ਅੱਜ ਭਾਰੀ ਪੁਲੀਸ ਫੋਰਸ ਦੇ ਪਹਿਰੇ ਹੇਠ ਕਰ ਦਿੱਤਾ ਗਿਆ। ਉਨ੍ਹਾਂ ਨੂੰ ਹਜ਼ਾਰਾਂ ਸ਼ਰਧਾਲੂਆਂ ਦੀ ਹਾਜ਼ਰੀ ਵਿੱਚ ਬਿਸ਼ਨੋਈ ਪਰੰਪਰਾ ਅਨੁਸਾਰ ਡੇਰਾ ਜਗਮਾਲਵਾਲੀ ਵਿੱਚ ਦਫਨਾਇਆ ਗਿਆ। ਚੇਤੇ ਰਹੇ ਕਿ ਬੀਤੇ ਦਿਨ ਡੇਰਾ ਜਗਮਾਲਵਾਲੀ ਦੇ ਮੁਖੀ ਸੰਤ ਬਹਾਦਰ ਚੰਦ ਵਕੀਲ ਸਾਹਿਬ ਦਾ ਦਿੱਲੀ ਦੇ ਇੱਕ ਹਸਪਤਾਲ ਵਿੱਚ ਦੇਹਾਂਤ ਹੋ ਗਿਆ ਸੀ ਜਿਸ ਤੋਂ ਬਾਅਦ ਡੇਰੇ ਦੀ ਗੱਦੀ ਨੂੰ ਲੈ ਕੇ ਦੋ ਧਿਰਾਂ ਆਹਮਣੇ ਸਾਹਮਣੇ ਹੋ ਗਈਆਂ ਸਨ। ਇਸ ਦੌਰਾਨ ਦੋਵੇਂ ਧਿਰਾਂ ਵਿਚ ਹੱਥੋਪਾਈ ਵੀ ਹੋਈ। ਇਨ੍ਹਾਂ ਵਿੱਚ ਇੱਕ ਧਿਰ ਡੇਰਾ ਮੁਖੀ ਦੇ ਭਤੀਜੇ ਅਮਰ ਸਿੰਘ ਬਿਸ਼ਨੋਈ ਅਤੇ ਉਨ੍ਹਾਂ ਨਾਲ ਜੁੜੇ ਲੋਕਾਂ ਦੀ ਹੈ। ਦੂਜੀ ਧਿਰ ਡੇਰਾ ਮੁਖੀ ਨਾਲ ਲੰਬੇ ਸਮੇਂ ਤੋਂ ਰਹੇ ਮਹਾਤਮਾ ਬਿਰੇਂਦਰ ਸਿੰਘ ਢਿੱਲੋਂ ਅਤੇ ਉਨ੍ਹਾਂ ਨਾਲ ਜੁੜੇ ਲੋਕਾਂ ਦੀ ਹੈ।
ਗੱਦੀ ਸਬੰਧੀ ਵਿਵਾਦ ਹਾਲੇ ਜਾਰੀ ਹੈ ਜਿਸ ਕਰਕੇ ਡੇਰੇ ਅੰਦਰ ਭਾਰੀ ਗਿਣਤੀ ’ਚ ਪੁਲੀਸ ਫੋਰਸ ਤਾਇਨਾਤ ਕੀਤੀ ਗਈ ਹੈ। ਡੇਰੇ ਦੀ ਗੱਦੀ ਨੂੰ ਲੈ ਕੇ ਹੋਏ ਵਿਵਾਦ ਵਿੱਚ ਪਹਿਲੀ ਧਿਰ ਲੋਕਾਂ ਅਤੇ ਡੇਰਾ ਮੁਖੀ ਦੇ ਭਤੀਜੇ ਅਮਰ ਸਿੰਘ ਦਾ ਕਹਿਣਾ ਹੈ ਕਿ ਡੇਰੇ ਦੀ ਗੱਦੀ ਹਥਿਆਉਣ ਲਈ ਵਰਿੰਦਰ ਸਿੰਘ, ਬਲਕੌਰ ਸਿੰਘ, ਸ਼ਮਸ਼ੇਰ ਲਹਿਰੀ ਅਤੇ ਨੰਦਲਾਲ ਗਰੋਵਰ ਨੇ ਮਹਾਰਾਜ ਬਹਾਦਰ ਚੰਦ ਵਕੀਲ ਸਾਹਿਬ ਦਾ ਸਸਕਾਰ ਜਲਦਬਾਜ਼ੀ ਵਿੱਚ ਕਰਨਾ ਚਾਹੁੰਦੇ ਸਨ ਪਰ ਉਹ ਇਸ ਨਾਲ ਸਹਿਮਤ ਨਹੀਂ ਹੋਏ। ਉਨ੍ਹਾਂ ਕਿਹਾ ਕਿ ਮਹਾਰਾਜ ਦੀ ਮੌਤ ਸ਼ੱਕੀ ਹੈ ਅਤੇ ਸੀਬੀਆਈ ਤੋਂ ਜਾਂਚ ਹੋਣੀ ਚਾਹੀਦੀ ਹੈ। ਅਮਰ ਸਿੰਘ ਦਾ ਕਹਿਣਾ ਹੈ ਕਿ ਪੁਲੀਸ ਨੂੰ ਲਿਖਤੀ ਸ਼ਿਕਾਇਤ ਵੀ ਕੀਤੀ ਗਈ ਹੈ। ਜਦਕਿ ਦੂਜੀ ਧਿਰ ਦੇ ਮਹਾਤਮਾ ਬੀਰੇਂਦਰ ਸਿੰਘ ਨਾਲ ਜੁੜੇ ਲੋਕਾਂ ਦਾ ਕਹਿਣਾ ਹੈ ਕਿ ਡੇਰਾ ਮੁਖੀ ਦੀ ਮੌਤ ਤੋਂ ਬਾਅਦ ਵੀਰਵਾਰ ਨੂੰ ਉਨ੍ਹਾਂ ਦੀ ਮ੍ਰਿਤਕ ਦੇਹ ਨੂੰ ਡੇਰੇ ’ਚ ਰੱਖਿਆ ਗਿਆ ਸੀ। ਇੱਥੇ ਡੇਰਾ ਮੁਖੀ ਦੀ ਵਸੀਅਤ ਪੜ੍ਹੀ ਜਾ ਰਹੀ ਸੀ ਜਦੋਂ ਪਹਿਲੀ ਧਿਰ ਦੇ ਲੋਕਾਂ ਨੇ ਹੰਗਾਮਾ ਕਰ ਦਿੱਤਾ। ਉਹਨਾਂ ਦਾ ਕਹਿਣਾ ਹੈ ਕਿ ਸਾਰੇ ਦੋਸ਼ ਬੇਬੁਨਿਆਦ ਹਨ। ਮਹਾਰਾਜ ਨੇ ਵਸੀਅਤ ਆਪਣੀ ਹੋਸ਼ ਵਿੱਚ ਤਿਆਰ ਕਰਵਾਈ ਹੈ, ਜਿਸ ਦੀ ਵੀਡੀਓਗ੍ਰਾਫੀ ਕੀਤੀ ਗਈ ਹੈ। ਇਸ ਦੌਰਾਨ ਡੇਰੇ ਦਾ ਮਾਹੌਲ ਤਣਾਅਪੂਰਨ ਹੈ ਅਤੇ ਡੇਰੇ ਵਿੱਚ ਪੁਲੀਸ ਦਾ ਪਹਿਰਾ ਹੈ।