ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 2 ਅਗਸਤ
ਥਾਣਾ ਜਮਾਲਪੁਰ ਦੇ ਇਲਾਕੇ ਚੌਕ ਮੁੁੰਡੀਆਂ ਕਲਾਂ ਵਿੱਚ ਚਲਾਨ ਕੱਟੇ ਜਾਣ ’ਤੇ ਕੁੱਝ ਲੋਕਾਂ ਵੱਲੋਂ ਹੰਗਾਮਾ ਕਰ ਕੇ ਟਰੈਫਿਕ ਪੁਲੀਸ ਦੇ ਮੁਲਾਜ਼ਮ ਨਾਲ ਝਗੜਾ ਕੀਤਾ ਗਿਆ। ਇਸ ਦੇ ਦੋਸ਼ ਤਹਿਤ ਕੇਸ ਦਰਜ ਕੀਤਾ ਗਿਆ ਹੈ। ਇਸ ਸਬੰਧੀ ਪੁਲੀਸ ਕਮਿਸ਼ਨਰੇਟ ਵਿੱਚ ਟਰੈਫਿਕ ਡਿਊਟੀ ’ਤੇ ਤਾਇਨਾਤ ਸੁਖਵਿੰਦਰ ਸਿੰਘ ਵਾਸੀ ਪੁਲੀਸ ਕਲੋਨੀ ਜਮਾਲਪੁਰ ਨੇ ਦੱਸਿਆ ਹੈ ਕਿ ਉਹ ਮੁੰਡੀਆਂ ਚੌਕ ਵਿੱਚ ਟਰੈਫਿਕ ਡਿਊਟੀ ਲਈ ਤਾਇਨਾਤ ਸੀ ਤਾਂ ਇੱਕ ਗੱਡੀ ਮਹਿੰਦਰਾ ਜੀਪ ਲੁਧਿਆਣਾ ਵੱਲੋਂ ਆ ਰਹੀ ਸੀ। ਓਵਰਹਾਈਟ ਹੋਣ ਕਰ ਕੇ ਗੱਡੀ ਦੇ ਚਾਲਕ ਨੂੰ ਗੱਡੀ ਰੋਕ ਕੇ ਪੇਪਰ ਮੰਗੇ ਗਏ ਜੋ ਉਸ ਦੇ ਕੋਲ ਨਹੀਂ ਸਨ। ਗੱਡੀ ਚਾਲਕ ਨੇ ਕਰੀਬ ਅੱਧੇ ਘੰਟੇ ਬਾਅਦ ਗੱਡੀ ਦੀ ਆਰਸੀ ਮੰਗਵਾਈ ਪਰ ਡਰਾਈਵਰ ਕੋਲ ਲਾਇਸੈਂਸ ਨਹੀਂ ਸੀ। ਇਸ ਆਧਾਰ ’ਤੇ ਉਸ ਦਾ ਚਲਾਨ ਨੰਬਰ 900601 ਮਿਤੀ ਕੱਟਿਆ ਗਿਆ। ਪੁਲੀਸ ਮੁਲਾਜ਼ਮ ਨੇ ਦੱਸਿਆ ਕਿ ਚਲਾਨ ਕੱਟਣ ਉਪਰੰਤ ਗੱਡੀ ਦੇ ਚਾਲਕ ਤੇ ਵਿੱਚ ਸਵਾਰ ਵਿਅਕਤੀਆਂ ਵੱਲੋਂ ਹੰਗਾਮਾ ਕੀਤਾ ਗਿਆ। ਉਨ੍ਹਾਂ ਨੇ ਉਸ ਨਾਲ ਹੱਥੋਪਾਈ ਕਰ ਕੇ ਉਸ ਉੱਪਰ ਗੱਡੀ ਚੜ੍ਹਾਉਣ ਦੀ ਕੋਸ਼ਿਸ਼ ਕੀਤੀ।
ਇਸ ਸਬੰਧੀ ਥਾਣੇਦਾਰ ਦਿਨੇਸ਼ ਕੁਮਾਰ ਨੇ ਦੱਸਿਆ ਕਿ ਪੁਲੀਸ ਵੱਲੋਂ ਜਾਕਿਰ, ਉਸ ਦੇ ਭਰਾਵਾਂ ਤੋਇਬ ਅਤੇ ਸਦਾਬ ਪੁੱਤਰ ਜਰੀਫ ਅਹਿਮਦ ਵਾਸੀ ਨਿਊ ਸੁਭਾਸ਼ ਨਗਰ, ਮਾਯਾਪੁਰੀ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰ ਕੇ ਕਾਰਵਾਈ ਕੀਤੀ ਜਾ ਰਹੀ ਹੈ ਜਦੋਂਕਿ ਪੁਲੀਸ ਵੱਲੋਂ ਗੱਡੀ ਅਤੇ ਮੋਬਾਈਲ ਫੋਨ ਕਬਜ਼ੇ ਵਿੱਚ ਲੈ ਲਏ ਗਏ ਹਨ।