ਨਿੱਜੀ ਪੱਤਰ ਪ੍ਰੇਰਕ
ਜਗਰਾਉਂ, 2 ਅਗਸਤ
ਸਥਾਨਕ ਡੀਏਵੀ ਸਕੂਲ ਦੇ ਵਿਦਿਆਰਥੀ ਅੱਜ ਨਜ਼ਦੀਕੀ ਪਿੰਡ ਫੇਰੂਰਾਈ ਵਿੱਚ ਨਿਰਆਸਰਿਆਂ ਦੇ ਘਰ ਪ੍ਰਭ ਆਸਰਾ ਪਹੁੰਚੇ। ਵਿਦਿਆਰਥੀਆਂ ਨੇ ਉੱਥੇ ਬਜ਼ੁਰਗਾਂ ਦੀ ਸੇਵਾ ਕਰ ਕੇ ਆਸ਼ੀਰਵਾਦ ਲਿਆ। ਪ੍ਰਿੰਸੀਪਲ ਵੇਦ ਵ੍ਰਤ ਪਲਾਹ ਨੇ ਦੱਸਿਆ ਸਕੂਲ ’ਚ ਬੱਚਿਆਂ ਨੂੰ ਵਧੀਆ ਪੜ੍ਹਾਈ ਦੇ ਨਾਲ-ਨਾਲ ਮਾਪਿਆਂ ਦੀ ਆਗਿਆ ਵਿੱਚ ਰਹਿਣਾ, ਬਜ਼ੁਰਗਾਂ ਦਾ ਸਤਿਕਾਰ ਤੇ ਸਮਾਜ ਭਲਾਈ ਦੇ ਕੰਮਾਂ ਵਿੱਚ ਵੀ ਯੋਗਦਾਨ ਪਾਉਣਾ ਸਿਖਾਇਆ ਜਾਂਦਾ ਹੈ। ਅਜੋਕੇ ਸਮੇਂ ਵਿੱਚ ਬੱਚਿਆਂ ਨੂੰ ਚੰਗੇ ਆਚਰਨ ਵਾਲੇ ਬਣਾਉਣਾ ਜ਼ਰੂਰੀ ਹੈ। ਮਨਪ੍ਰੀਤ ਕੌਰ ਤੇ ਹਰਦੀਪ ਸਿੰਘ ਬਿੰਜਲ ਨੇ ਦੱਸਿਆ ਕਿ ਡੀਏਵੀ ਸਕੂਲ ’ਚ ਬੱਚਿਆਂ ਨੇ ਆਪਣ ਜੇਬ ਖ਼ਰਚ ’ਚੋਂ ਗੋਲਕ ਲਗਾ ਕੇ ਇਕੱਠੀ ਹੋਈ ਰਕਮ ਪ੍ਰਭ ਆਸਰਾ ਫੇਰੂਰਾਈ ਵਿੱਚ ਦਾਨ ਕੀਤੀ। ਇਸ ਤੋਂ ਇਲਾਵਾ ਬੱਚਿਆਂ ਨੇ ਬਜ਼ੁਰਗਾਂ ਨੂੰ ਕੱਪੜੇ ਤੇ ਹੋਰ ਖਾਣ-ਪੀਣ ਦੀਆਂ ਵਸਤਾਂ ਵੀ ਹੱਥੀਂ ਵੰਡੀਆਂ। ਬੱਚਿਆਂ ਨੂੰ ਪ੍ਰਭ ਆਸਰਾ ਵਿਚ ਬਜ਼ੁਰਗਾਂ ਦੀ ਸੇਵਾ ਕਰ ਕੇ ਵਧੀਆ ਲੱਗਿਆ। ਪ੍ਰਭ ਆਸਰਾ ਫੇਰੂਰਾਈ ਨੇ ਸਕੂਲ ਪ੍ਰਿੰਸੀਪਲ ਪਲਾਹ, ਅਧਿਆਪਕਾਂ ਤੇ ਵਿਦਿਆਰਥੀਆਂ ਦਾ ਧੰਨਵਾਦ ਕੀਤਾ। ਇਸ ਸਮੇਂ ਡੀਪੀਈ ਹਰਦੀਪ ਸਿੰਘ ਸਰਾਂ, ਬਾਬਾ ਦਰਸ਼ਨ ਸਿੰਘ ਆਦਿ ਮੌਜੂਦ ਸਨ।