ਪੱਤਰ ਪ੍ਰੇਰਕ
ਐੱਸਏਐੱਸ ਨਗਰ (ਮੁਹਾਲੀ), 2 ਅਗਸਤ
ਜ਼ਿਲ੍ਹਾ ਸੀਆਈਏ ਸਟਾਫ਼ ਮੁਹਾਲੀ ਨੇ ਟਾਰਗੇਟ ਕਿਲਿੰਗ ਮਡਿਊਲ ਦਾ ਪਰਦਾਫਾਸ਼ ਕਰ ਕੇ ਦੋ ਮੁਲਜ਼ਮਾਂ ਨੂੰ ਨਾਜਾਇਜ਼ ਅਸਲੇ ਸਣੇ ਗ੍ਰਿਫ਼ਤਾਰ ਕੀਤਾ ਹੈ। ਇਸ ਗੱਲ ਦਾ ਖ਼ੁਲਾਸਾ ਮੁਹਾਲੀ ਵਿੱਚ ਪੱਤਰਕਾਰ ਸੰਮੇਲਨ ਦੌਰਾਨ ਐੱਸਐੱਸਪੀ ਸੰਦੀਪ ਗਰਗ ਨੇ ਕੀਤਾ। ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਦੀ ਪਛਾਣ ਮੋਹਿਤ ਕੁਮਾਰ ਵਾਸੀ ਮੁਹੱਲਾ ਸ਼ਾਹ ਸੁਲਤਾਨ (ਜ਼ਿਲ੍ਹਾ ਕਪੂਰਥਲਾ) ਅਤੇ ਮਨਿੰਦਰ ਸਿੰਘ ਉਰਫ਼ ਬੌਬੀ ਵਾਸੀ ਪਿੰਡ ਅਲੀ ਚੱਕ (ਜਲੰਧਰ) ਵਜੋਂ ਹੋਈ ਹੈ। ਉਨ੍ਹਾਂ ਕੋਲੋਂ .9 ਐੱਮਐੱਮ ਦੇ 90 ਕਾਰਤੂਸ ਬਰਾਮਦ ਕੀਤੇ ਗਏ ਹਨ। ਐੱਸਐੱਸਪੀ ਨੇ ਦੱਸਿਆ ਕਿ ਪੁਲੀਸ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਉਕਤ ਵਿਅਕਤੀ ਐੱਲਆਈਸੀ ਕਲੋਨੀ, ਮੁੰਡੀ ਖਰੜ ਵਿੱਚ ਕਿਰਾਏ ’ਤੇ ਰਹਿ ਰਹੇ ਹਨ,। ਉਨ੍ਹਾਂ ਦੱਸਿਆ ਕਿ ਸੂਚਨਾ ਨੂੰ ਆਧਾਰ ਬਣਾ ਕੇ ਮੁਹਾਲੀ ਦੇ ਐੱਸਪੀ (ਡੀ) ਡਾ. ਜਯੋਤੀ ਯਾਦਵ ਅਤੇ ਡੀਐੱਸਪੀ (ਡੀ) ਹਰਸਿਮਰਤ ਸਿੰਘ ਦੀ ਨਿਗਰਾਨੀ ਹੇਠ ਜ਼ਿਲ੍ਹਾ ਸੀਆਈਏ ਸਟਾਫ਼ ਮੁਹਾਲੀ ਦੇ ਇੰਚਾਰਜ ਇੰਸਪੈਕਟਰ ਹਰਮਿੰਦਰ ਸਿੰਘ ਦੀ ਅਗਵਾਈ ਵਾਲੀ ਟੀਮ ਨੇ ਮੋਹਿਤ ਕੁਮਾਰ ਅਤੇ ਮਨਿੰਦਰ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਮੋਹਿਤ ਕੁਮਾਰ ਨੇ ਆਪਣੇ ਕੋਲ ਭਾਰੀ ਮਾਤਰਾ ਵਿੱਚ ਨਾਜਾਇਜ਼ ਗੋਲੀ ਸਿੱਕਾ ਇਕੱਠਾ ਕੀਤਾ ਹੋਇਆ ਸੀ, ਜੋ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਯੋਜਨਾ ਘੜ ਰਹੇ ਸਨ। ਮੁਲਜ਼ਮਾਂ ਖ਼ਿਲਾਫ਼ ਅਸਲਾ ਐਕਟ ਤਹਿਤ ਮਾਮਲਾ ਥਾਣਾ ਸਿਟੀ ਖਰੜ ਵਿੱਚ ਦਰਜ ਕੀਤਾ ਗਿਆ ਹੈ।
ਦੇਸੀ ਕੱਟੇ ਤੇ ਕਾਰਤੂਸ ਸਣੇ ਕਾਬੂ
ਫ਼ਤਹਿਗੜ੍ਹ ਸਾਹਿਬ (ਨਿੱਜੀ ਪੱਤਰ ਪ੍ਰੇਰਕ): ਪੁਲੀਸ ਚੌਕੀ ਨਬੀਪੁਰ ਦੀ ਪੁਲੀਸ ਨੇ ਇਕ ਵਿਅਕਤੀ ਨੂੰ 315 ਬੋਰ ਦਾ ਦੇਸੀ ਕੱਟਾ ਅਤੇ 3 ਕਾਰਤੂਸਾਂ ਸਣੇ ਗ੍ਰਿਫਤਾਰ ਕੀਤਾ ਹੈ। ਥਾਣਾ ਸਰਹਿੰਦ ਦੇ ਮੁਖੀ ਅਕਾਸ਼ ਦੱਤ ਅਤੇ ਪੁਲੀਸ ਚੌਕੀ ਨਬੀਪੁਰ ਦੇ ਇੰਚਾਰਜ ਮਨਦੀਪ ਸਿੰਘ ਨੇ ਦੱਸਿਆ ਕਿ ਟੀ-ਪੁਆਇੰਟ ਤਰਖਾਣ ਮਾਜਰਾ ਵਿੱਚ ਸਹਾਇਕ ਥਾਣੇਦਾਰ ਜਸਮੇਰ ਸਿੰਘ ਪੁਲੀਸ ਪਾਰਟੀ ਸਣੇ ਮੌਜੂਦ ਸਨ। ਇਸ ਮੌਕੇ ਇਕ ਮੋਟਰਸਾਈਕਲ ਚਾਲਕ ਪੁਲੀਸ ਨੂੰ ਦੇਖ ਕੇ ਪਿੱਛੇ ਮੁੜਨ ਲੱਗਿਆ ਤਾਂ ਪੁਲੀਸ ਟੀਮ ਨੇ ਉਸ ਨੂੰ ਕਾਬੂ ਕਰ ਲਿਆ। ਮੁਲਜ਼ਮ ਦੀ ਪਛਾਣ ਗੁਰਸਤਪ੍ਰੀਤਪਾਲ ਸਿੰਘ ਵਾਸੀ ਮੜੌਕੀ ਕਲਾਂ ਥਾਣਾ ਮੋਰਿੰਡਾ ਵਜੋਂ ਹੋਈ ਹੈ, ਜਿਸ ਕੋਲੋਂ ਤਲਾਸ਼ੀ ਲੈਣ ’ਤੇ 315 ਬੋਰ ਦਾ ਦੇਸੀ ਕੱਟਾ ਅਤੇ 3 ਕਾਰਤੂਸ ਬਰਾਮਦ ਹੋਏ ਹਨ। ਪੁਲੀਸ ਨੇ ਮੁਲਜ਼ਮ ਨੂੰ ਫ਼ਤਹਿਗੜ੍ਹ ਸਾਹਿਬ ਦੀ ਅਦਾਲਤ ਵਿਚ ਪੇਸ਼ ਕੀਤਾ, ਜਿਥੇ ਅਦਾਲਤ ਨੇ ਉਸ ਨੂੰ ਜੂਡੀਸ਼ਲ ਰਿਮਾਂਡ ਅਧੀਨ ਜੇਲ੍ਹ ਭੇਜ ਦਿੱਤਾ ਹੈ।