ਪੱਤਰ ਪ੍ਰੇਰਕ
ਐੱਸਏਐੱਸ ਨਗਰ (ਮੁਹਾਲੀ), 2 ਅਗਸਤ
ਗਰੇਟਰ ਮੁਹਾਲੀ ਏਰੀਆ ਵਿਕਾਸ ਅਥਾਰਿਟੀ (ਗਮਾਡਾ) ਦੇ ਫੇਜ਼-8 ਸਥਿਤ ਮੁੱਖ ਦਫ਼ਤਰ ਦੇ ਪਖਾਨੇ ਵਿੱਚ ਅੱਜ ਇੱਕ ਬਜ਼ੁਰਗ ਦੀ ਲਾਸ਼ ਮਿਲਣ ਕਾਰਨ ਗਮਾਡਾ ਤੇ ਪੁੱਡਾ ਭਵਨ ’ਚ ਸਨਸਨੀ ਫੈਲ ਲਈ। ਜਾਣਕਾਰੀ ਅਨੁਸਾਰ ਜਿਸ ਬਾਥਰੂਮ ’ਚੋਂ ਬਜ਼ੁਰਗ ਦੀ ਲਾਸ਼ ਬਰਾਮਦ ਹੋਈ ਹੈ, ਉਸ ਦਾ ਦਰਵਾਜ਼ਾ ਅੰਦਰ ਤੋਂ ਬੰਦ ਸੀ। ਮ੍ਰਿਤਕ ਦੀ ਪਛਾਣ ਮੋਹਨ ਲਾਲ ਵਾਸੀ ਸੈਕਟਰ-22, ਚੰਡੀਗੜ੍ਹ ਵਜੋਂ ਹੋਈ ਹੈ। ਉਹ ਬਠਿੰਡਾ ਸਥਿਤ ਗਮਾਡਾ ਦਫ਼ਤਰ ਦਾ ਸੇਵਾਮੁਕਤ ਕਰਮਚਾਰੀ ਸੀ। ਮੋਹਨ ਲਾਲ ਬੀਤੇ ਦਿਨੀਂ ਆਪਣੇ ਮੁੱਲਾਂਪੁਰ ਗਰੀਬਦਾਸ ਸਥਿਤ ਪਲਾਟ ਦੇ ਗਮਾਡਾ ਵਿੱਚ ਹੋਣ ਵਾਲੇ ਕਿਸੇ ਕੰਮ ਲਈ ਇੱਥੇ ਆਇਆ ਸੀ। ਬੀਤੀ ਸ਼ਾਮ ਵਾਪਸ ਜਾਣ ਤੋਂ ਪਹਿਲਾਂ ਮ੍ਰਿਤਕ ਬਾਥਰੂਮ ਵਿੱਚ ਗਿਆ, ਜਿੱਥੇ ਉਸ ਦੀ ਭੇਦਭਰੀ ਹਾਲਤ ਵਿੱਚ ਮੌਤ ਹੋ ਗਈ।
ਜਾਣਕਾਰੀ ਅਨੁਸਾਰ ਮੋਹਨ ਲਾਲ ਦੇ ਘਰ ਵਾਪਸ ਨਾ ਪਹੁੰਚਣ ’ਤੇ ਪਰਿਵਾਰਕ ਮੈਂਬਰਾਂ ਨੇ ਉਸ ਦੀ ਕਾਫ਼ੀ ਭਾਲ ਕੀਤੀ ਪਰ ਕੋਈ ਉੱਘ-ਸੁੱਘ ਨਹੀਂ ਲੱਗੀ। ਉਪਰੰਤ ਉਸ ਦੇ ਫੋਨ ਦੀ ਲੋਕੇਸ਼ਨ ਕਢਵਾਈ ਗਈ, ਜੋ ਗਮਾਡਾ ਦਫ਼ਤਰ ਦੀ ਆ ਰਹੀ ਸੀ। ਇਸ ਮਗਰੋਂ ਉਨ੍ਹਾਂ ਵੱਲੋਂ ਅੱਜ ਸਵੇਰੇ ਸੈਂਟਰਲ ਥਾਣਾ ਫੇਜ਼-8 ਵਿੱਚ ਬਜ਼ੁਰਗ ਦੀ ਗੁੰਮਸ਼ੁਦਗੀ ਦੀ ਰਿਪੋਰਟ ਲਿਖਵਾਈ। ਜਾਣਕਾਰੀ ਅਨੁਸਾਰ ਅੱਜ ਗਮਾਡਾ ਦਫ਼ਤਰ ਖੁੱਲ੍ਹਣ ਤੋਂ ਬਾਅਦ ਸਵੇਰੇ ਕਰੀਬ 10 ਕੁ ਵਜੇ ਕੋਈ ਕਰਮਚਾਰੀ ਬਾਥਰੂਮ ਵਿੱਚ ਗਿਆ ਤਾਂ ਦਰਵਾਜ਼ੇ ਦੀ ਕੁੰਡੀ ਅੰਦਰੋਂ ਬੰਦ ਹੋਣ ਬਾਰੇ ਉਸ ਨੇ ਇਸ ਸਬੰਧੀ ਪੁਲੀਸ ਨੂੰ ਇਤਲਾਹ ਦਿੱਤੀ। ਸੂਚਨਾ ਮਿਲਣ ’ਤੇ ਸੈਂਟਰਲ ਥਾਣਾ ਫੇਜ਼-8 ਦੇ ਐੱਸਐੱਚਓ ਰੁਪਿੰਦਰ ਸਿੰਘ ਦੀ ਅਗਵਾਈ ਹੇਠ ਪੁਲੀਸ ਟੀਮ ਗਮਾਡਾ ਦੇ ਦਫ਼ਤਰ ਪਹੁੰਚੀ ਅਤੇ ਬਾਥਰੂਮ ’ਚੋਂ ਮੋਹਨ ਲਾਲ ਦੀ ਲਾਸ਼ ਬਰਾਮਦ ਕੀਤੀ।