ਕਰਮਜੀਤ ਸਿੰਘ ਚਿੱਲਾ
ਬਨੂੜ, 2 ਅਗਸਤ
ਮੀਂਹ ਦੀ ਘਾਟ ਦਾ ਝੋਨੇ ਦੀ ਫ਼ਸਲ ’ਤੇ ਅਸਰ ਹੋਣਾ ਸ਼ੁਰੂ ਹੋ ਗਿਆ ਹੈ। ਮੀਂਹ ਨਾ ਪੈਣ ਕਾਰਨ ਝੋਨੇ ਲਈ ਪਾਣੀ ਵੀ ਪੂਰਾ ਨਹੀਂ ਹੋ ਰਿਹਾ ਤੇ ਫਸਲ ਦਾ ਵਿਕਾਸ ਵੀ ਰੁਕ ਗਿਆ ਹੈ। ਕੁਝ ਥਾਵਾਂ ’ਤੇ ਫਸਲ ਦੇ ਪੱਤੇ ਭੂਰੇ ਹੋ ਗਏ ਹਨ। ਖੇਤੀਬਾੜੀ ਵਿਭਾਗ ਅਨੁਸਾਰ ਅਜਿਹਾ ਮੀਂਹ ਨਾ ਪੈਣ ਅਤੇ ਪਾਣੀ ਦੀ ਘਾਟ ਕਾਰਨ ਹੋ ਰਿਹਾ ਹੈ ਤੇ ਝੋਨੇ ਵਿੱਚ ਕਈ ਛੋਟੇ ਤੱਤਾਂ, ਖਾਸ ਕਰ ਕੇ ਜ਼ਿੰਕ ਦੀ ਘਾਟ ਵੀ ਸਾਹਮਣੇ ਆਈ ਹੈ।
ਪਿੰਡਾਂ ਦੇ ਕਿਸਾਨਾਂ ਨੇ ਦੱਸਿਆ ਕਿ ਉਹ ਝੋਨੇ ਵਿੱਚ ਖਾਦ ਵੀ ਪੂਰੀ ਮਾਤਰਾ ਵਿਚ ਪਾ ਚੁੱਕੇ ਹਨ। ਲਗਾਤਾਰ ਪਾਣੀ ਵੀ ਪੂਰਾ ਕਰਨ ਦਾ ਯਤਨ ਕਰ ਰਹੇ ਹਨ ਪਰ ਇਸ ਦੇ ਬਾਵਜੂਦ ਝੋਨੇ ਦੀ ਫ਼ਸਲ ਪੂਰੀ ਤਰ੍ਹਾਂ ਵਿਕਸਿਤ ਨਹੀਂ ਹੋ ਰਹੀ। ਮਨੌਲੀ ਸੂਰਤ ਦੇ ਕਿਸਾਨਾਂ ਨੇ ਦੱਸਿਆ ਕਿ ਕੁਝ ਖੇਤਾਂ ਵਿੱਚ ਝੋਨੇ ਦੀਆਂ ਜੜ੍ਹਾਂ ਵਿਚ ਵੀ ਸਮੱਸਿਆ ਹੈ। ਕਿਸਾਨਾਂ ਅਨੁਸਾਰ ਝੋਨੇ ਦੀ ਫ਼ਸਲ ’ਤੇ ਇਸ ਵਰ੍ਹੇ ਉਹ ਜੋਬਨ ਨਜ਼ਰ ਨਹੀਂ ਆ ਰਿਹਾ, ਜਿਹੜਾ ਪੂਰੀ ਬਰਸਾਤ ਵਾਲੀ ਰੁੱਤ ਹੁੰਦਾ ਹੈ।
ਖੇਤੀਬਾੜੀ ਅਫ਼ਸਰ ਡਾ. ਸ਼ੁਭਕਰਨ ਸਿੰਘ ਧਾਲੀਵਾਲ ਦੀ ਅਗਵਾਈ ਹੇਠਲੀ ਟੀਮ, ਜਿਸ ਵਿਚ ਡਾ. ਜਸਪ੍ਰੀਤ ਸਿੰਘ, ਡਾ. ਅਜੇ ਸ਼ਰਮਾ, ਡਾ. ਸੁੱਚਾ ਸਿੰਘ ਸਿੱਧੂ, ਦਿਵਿਆ ਮਿੱਤਲ, ਜਗਦੀਪ ਸਿੰਘ ਪੱਡਾ ਆਦਿ ਸ਼ਾਮਿਲ ਸਨ ਨੇ ਇਲਾਕੇ ਦੇ ਕਈ ਪਿੰਡਾਂ ਵਿੱਚ ਝੋਨੇ ਦੀ ਫ਼ਸਲ ਦਾ ਨਿਰੀਖ਼ਣ ਕੀਤਾ। ਪਿੰਡ ਤੰਗੌਰੀ ’ਚ ਝੋਨੇ ਦਾ ਮੁਆਇਨਾ ਕਰਦਿਆਂ ਉਨ੍ਹਾਂ ਕਿਹਾ ਕਿ ਜ਼ਿਆਦਾਤਰ ਝੋਨਾ ਬਿਲਕੁਲ ਠੀਕ ਹੈ ਤੇ ਕਿਸੇ-ਕਿਸੇ ਖੇਤ ਵਿੱਚ ਘੱਟ ਪਾਣੀ ਮਿਲਣ ਕਾਰਨ ਤੱਤਾਂ ਦੀ ਘਾਟ ਸਾਹਮਣੇ ਆਈ ਹੈ।
ਉਨ੍ਹਾਂ ਕਿਸਾਨਾਂ ਨੂੰ ਅਜਿਹੇ ਖੇਤਾਂ ਵਿੱਚ ਜ਼ਿੰਕ ਪਾਉਣ ਦੀ ਸਲਾਹ ਦਿੱਤੀ ਹੈ। ਉਨ੍ਹਾਂ ਕਿਹਾ ਕਿ ਵੀਹ ਫੀਸਦੀ ਜਿੰਕ ਦੀ ਸਪਰੇਅ ਜਾਂ ਹੱਥ ਨਾਲ ਛੱਟਾ ਦਿੱਤਾ ਜਾ ਸਕਦਾ ਹੈ।