ਰਤਨ ਸਿੰਘ ਢਿੱਲੋਂ
ਅੰਬਾਲਾ, 2 ਅਗਸਤ
ਪੈਰਿਸ ਓਲੰਪਿਕ ਦੇ ਕਾਂਸੀ ਤਗਮਾ ਜੇਤੂ ਨਿਸ਼ਾਨੇਬਾਜ਼ ਸਰਬਜੋਤ ਸਿੰਘ ਦਾ ਆਪਣੇ ਪਿੰਡ ਧੀਨ ਪਹੁੰਚਣ ’ਤੇ ਨਿੱਘਾ ਸਵਾਗਤ ਕੀਤਾ ਗਿਆ। ਉਹ ਬੀਤੀ ਰਾਤ 12 ਵਜੇ ਆਪਣੇ ਪਿੰਡ ਪਹੁੰਚ ਗਿਆ ਸੀ। ਮਾਤਾ ਹਰਜੀਤ ਕੌਰ ਅਤੇ ਪਿਤਾ ਜਤਿੰਦਰ ਸਿੰਘ ਨੇ ਉਸ ਨੂੰ ਜੱਫੀ ਵਿਚ ਲੈ ਕੇ ਪਿਆਰ ਦਿੱਤਾ। ਅੱਜ ਸਵੇਰੇ ਹੀ ਸਰਬਜੋਤ ਨੂੰ ਮਿਲਣ ਵਾਲਿਆਂ ਦਾ ਤਾਂਤਾ ਲੱਗ ਗਿਆ। ਪਿੰਡ ਵਾਸੀਆਂ ਨੇ ਉਸ ਨੂੰ ਨੋਟਾਂ ਅਤੇ ਫੁੱਲਾਂ ਦੇ ਹਾਰਾਂ ਨਾਲ ਲੱਦ ਦਿੱਤਾ ਤੇ ਢੋਲ ਦੀ ਥਾਪ ’ਤੇ ਭੰਗੜਾ ਪਾ ਕੇ ਜਸ਼ਨ ਮਨਾਇਆ। ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਲਈ ਇਹ ਬਹੁਤ ਮਾਣ ਦੀ ਗੱਲ ਹੈ ਕਿ ਇਕ ਨਿੱਕੇ ਜਿਹੇ ਪਿੰਡ ’ਚੋਂ ਉੱਠ ਕੇ ਸਰਬਜੋਤ ਨੇ ਦੁਨੀਆਂ ਵਿਚ ਆਪਣੀ ਪਛਾਣ ਬਣਾਈ ਹੈ।
ਸਰਬਜੋਤ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਅੱਜ ਆਪਣੇ ਘਰ ਅਤੇ ਪਿੰਡ ਪਰਤ ਕੇ ਉਸ ਨੂੰ ਬਹੁਤ ਚੰਗਾ ਮਹਿਸੂਸ ਹੋ ਰਿਹਾ ਹੈ। ਉਹ ਜਿੱਤ ਦਾ ਸਿਹਰਾ ਆਪਣੇ ਪਰਿਵਾਰ, ਕੋਚ ਅਤੇ ਭਾਰਤੀ ਖੇਡ ਅਥਾਰਿਟੀ ਨੂੰ ਦੇਣਾ ਚਾਹੇਗਾ। ਉਸ ਨੇ ਕਿਹਾ, ‘‘ਮੈਂ ਇਸ ਵਾਰ ਰਹੀਆਂ ਕਮੀਆਂ ਨੂੰ ਦੂਰ ਕਰ ਕੇ ਅਗਲੀ ਵਾਰ ਮੈਡਲ ਦਾ ਰੰਗ ਬਦਲਣਾ ਚਾਹਾਂਗਾ। ਮੇਰਾ ਅਗਲਾ ਟੀਚਾ 2028 ਵਿਚ ਅਮਰੀਕਾ ਦੇ ਲਾਸ ਐਂਜਲਿਸ (ਐੱਲਏ) ਵਿੱਚ ਹੋਣ ਵਾਲੀ ਓਲੰਪਿਕ ਹੈ।’’ ਸਰਬਜੋਤ ਨੇ ਕਿਹਾ ਕਿ ਇਸ ਵਾਰ ਓਲੰਪਿਕ ਵਿਚ ਜਾ ਕੇ ਉਸ ਨੂੰ ਬਹੁਤ ਕੁਝ ਸਿੱਖਣ ਨੂੰ ਮਿਲਿਆ ਹੈ।