ਬਰਨਾਲਾ (ਪਰਸ਼ੋਤਮ ਬੱਲੀ):
ਲੋਕ ਮੰਚ ਪੰਜਾਬ ਦੇ ਚੇਅਰਮੈਨ ਡਾ. ਲਖਵਿੰਦਰ ਸਿੰਘ ਜੌਹਲ ਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਕੰਪਿਊਟਰ ਸਾਇੰਸ ਵਿਭਾਗ ਅਤੇ ਡੀਨ ਕਾਲਜਿਜ਼ ਵੱਲੋਂ ਪੰਜਾਬੀ ਨੂੰ ਲਾਜ਼ਮੀ ਵਿਸ਼ੇ ਵਜੋਂ ਪੜ੍ਹਾਉਣ ਦੇ ਆਪਣੀ ਹੀ ਯੂਨੀਵਰਸਿਟੀ ਦੇ ਅਕੈਡਮਿਕ ਕੌਂਸਲ ਦੇ ਫ਼ੈਸਲੇ ਦਾ ਵਿਰੋਧ ਕਰਨ ਦੀ ਨਿਖੇਧੀ ਕੀਤੀ ਹੈ। ਉਨ੍ਹਾਂ ਕਿਹਾ ਕਿ ਕੰਪਿਊਟਰ ਸਾਇੰਸ ਵਿਭਾਗ ਅਤੇ ਡੀਨ ਕਾਲਜਿਜ਼ ਨੇ ਪੱਤਰ ਲਿਖ ਕੇ ਪੰਜਾਬੀ ਨੂੰ ਲਾਜ਼ਮੀ ਵਿਸ਼ੇ ਵਜੋਂ ਪੜ੍ਹਾਉਣ ਸਬੰਧੀ ਵੱਖ-ਵੱਖ ਕਾਲਜਾਂ ਅਤੇ ਕੰਪਿਊਟਰ ਵਿਭਾਗਾਂ ਤੋਂ ਰਾਇ ਮੰਗੀ ਹੈ। ਜੌਹਲ ਨੇ ਦੱਸਿਆ ਕਿ ਇਸ ਪੱਤਰ ਦਾ ਮਕਸਦ ਪੰਜਾਬੀ ਲਾਜ਼ਮੀ ਤੌਰ ’ਤੇ ਪੜ੍ਹਾਉਣ ਤੋਂ ਟੇਢੇ ਤਰੀਕੇ ਨਾਲ ਇਨਕਾਰ ਕਰਨਾ ਹੈ। ਡਾ. ਜੌਹਲ ਨੇ ਅੱਜ ਵਾਈਸ ਚਾਂਸਲਰ ਕਮਲ ਕਿਸ਼ੋਰ ਯਾਦਵ ਨੂੰ ਇੱਕ ਹੋਰ ਪੱਤਰ ਲਿਖ ਕੇ ਕਿਹਾ ਕਿ ਜਿਹੜਾ ਵਿਭਾਗ ਪਹਿਲਾਂ ਹੀ ਵੈੱਬਸਾਈਟ ’ਤੇ ਪੰਜਾਬੀ ਨੂੰ ਲਾਜ਼ਮੀ ਵਿਸ਼ੇ ਵਜੋਂ ਹਟਾ ਚੁੱਕਿਆ ਹੈ, ਉਹ ਹੁਣ ਰਾਇ ਮੰਗ ਕੇ ਪਹਿਲਾਂ ਕੀਤੀ ਸਾਜਿਸ਼ ’ਤੇ ਮੋਹਰ ਲਗਾਉਣਾ ਚਾਹੁੰਦਾ ਹੈ। ਉਨ੍ਹਾਂ ਕੇਂਦਰੀ ਪੰਜਾਬੀ ਲੇਖਕ ਸਭਾਵਾਂ, ਪੰਜਾਬੀ ਸਾਹਿਤ ਅਕੈਡਮੀ ਲੁਧਿਆਣਾ, ਭਾਸ਼ਾ ਵਿਭਾਗ ਪੰਜਾਬ ਦੇ ਡਾਇਰੈਕਟਰ ਤੇ ਪੰਜਾਬ ਕਲਾ ਪਰਿਸ਼ਦ ਨੂੰ ‘ਪੰਜਾਬੀ ਬਚਾਓ’ ਮੁਹਿੰਮ ’ਚ ਸ਼ਾਮਲ ਹੋਣ ਦੀ ਅਪੀਲ ਕੀਤੀ ਹੈ। ਉਨ੍ਹਾਂ ਵਾਈਸ ਚਾਂਸਲਰ ਨੂੰ ਇਸ ਮਾਮਲੇ ’ਚ ਦਖ਼ਲ ਦੇਣ ਦੀ ਅਪੀਲ ਵੀ ਕੀਤੀ।