ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 2 ਅਗਸਤ
ਬਿਜਲੀ ਅਤੇ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈਟੀਓ ਨੇ ਦੱਸਿਆ ਕਿ ਗੁਰੂ ਅਮਰਦਾਸ ਥਰਮਲ ਪਲਾਂਟ, ਰਿਕਾਰਡ ਪਲਾਂਟ ਲੋਡ ਫੈਕਟਰ (ਪੀਐੱਲਐੱਫ) ’ਤੇ ਚੱਲ ਰਿਹਾ ਹੈ। ਉਨ੍ਹਾਂ ਕਿਹਾ ਕਿ ਥਰਮਲ ਪਲਾਂਟ ਨੇ ਜੁਲਾਈ 2024 ’ਚ 89.7 ਫੀਸਦੀ ਪੀਐੱਲਐੱਫ ਨਾਲ 327 ਮਿਲੀਅਨ ਯੂਨਿਟ ਬਿਜਲੀ ਪੈਦਾ ਕੀਤੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਫਰਵਰੀ 2024 ਵਿੱਚ ਹੀ ਇਸ ਥਰਮਲ ਪਲਾਂਟ ਨੂੰ ਐਕੁਆਇਰ ਕੀਤਾ ਸੀ। ਮੌਜੂਦਾ ਵਿੱਤੀ ਸਾਲ ਦੌਰਾਨ, ਅਪਰੈਲ ਮਹੀਨੇ ਲਈ ਪੀਐੱਲਐੱਫ 66 ਫੀਸਦੀ, ਮਈ ਲਈ 82 ਫੀਸਦੀ ਤੇ ਜੂਨ ਲਈ 78 ਫੀਸਦੀ ਸੀ। ਜੁਲਾਈ ਤੱਕ ਔਸਤ ਪੀਐੱਲਐੱਫ 79 ਫੀਸਦੀ ਰਿਹਾ। ਉਨ੍ਹਾਂ ਦੱਸਿਆ ਕਿ ਐਕੁਆਇਰ ਕਰਨ ਤੋਂ ਪਹਿਲਾਂ ਗੁਰੂ ਅਮਰਦਾਸ ਥਰਮਲ ਪਾਵਰ ਪਲਾਂਟ ਨੇ ਮਾਰਚ 2019 ਵਿੱਚ 282 ਮਿਲੀਅਨ ਯੂਨਿਟ ਬਿਜਲੀ ਉਤਪਾਦਨ ਦੇ ਨਾਲ ਵੱਧ ਤੋਂ ਵੱਧ 77 ਫੀਸਦੀ ਪੀਐੱਲਐੱਫ ਪ੍ਰਾਪਤ ਕੀਤਾ ਸੀ।