ਬਾਲ ਕਹਾਣੀਇਕਬਾਲ ਸਿੰਘ ਹਮਜਾਪੁਰ
ਹਾਥੀ ਤੇ ਸ਼ੇਰ ਦੀ ਗੂੜ੍ਹੀ ਦੋਸਤੀ ਸੀ। ਉਹ ਦੋਵੇਂ ਜਣੇ ਜੰਗਲ ਵਿੱਚ ਰਹਿੰਦੇ ਸਨ। ਸ਼ੇਰ ਜੰਗਲ ਦਾ ਰਾਜਾ ਸੀ ਤੇ ਹਾਥੀ ਰਾਜੇ ਦਾ ਵਜ਼ੀਰ। ਸ਼ੇਰ ਬੜਾ ਹੀ ਦਿਆਲੂ ਤੇ ਮਿਲਾਪੜੇ ਸੁਭਾਅ ਦਾ ਸੀ। ਉਸ ਵਿੱਚ ਰਾਜਿਆਂ ਵਾਲੀ ਆਕੜ ਨਹੀਂ ਸੀ। ਉਹ ਕਿਸੇ ਵੀ ਜਾਨਵਰ ਨੂੰ ਤੰਗ ਨਹੀਂ ਕਰਦਾ ਸੀ। ਉਹ ਜੰਗਲ ਦੇ ਨਿੱਕੇ-ਨਿੱਕੇ ਜਾਨਵਰਾਂ ਦਾ ਵੀ ਆਦਰ ਕਰਦਾ ਸੀ।
ਜੰਗਲ ਦੇ ਕਿਸੇ ਵੀ ਜਾਨਵਰ ਨੂੰ ਸ਼ੇਰ ਤੋਂ ਡਰ ਨਹੀਂ ਲੱਗਦਾ ਸੀ। ਸਾਰੇ ਜਾਨਵਰ ਰਾਜੇ ਨਾਲ ਹੱਸਦੇ-ਖੇਡਦੇ ਰਹਿੰਦੇ ਸਨ। ਸਾਰੇ ਜਾਨਵਰਾਂ ਨਾਲ ਦੋਸਤੀ ਅਤੇ ਪਿਆਰ ਹੋਣ ਕਰਕੇ ਕਿਸੇ ਵੀ ਬਾਹਰਲੇ ਸ਼ੇਰ ਜਾਂ ਸ਼ਿਕਾਰੀ ਦਾ ਹਮਲਾ ਕਰਨ ਦਾ ਹੌਸਲਾ ਨਹੀਂ ਸੀ ਪੈਂਦਾ। ਜਦੋਂ ਵੀ ਕੋਈ ਬਾਹਰਲਾ ਸ਼ੇਰ ਜਾਂ ਸ਼ਿਕਾਰੀ ਹਮਲਾ ਕਰਨ ਦੀ ਕੋਸ਼ਿਸ਼ ਕਰਦਾ, ਜੰਗਲ ਦੇ ਸਾਰੇ ਜਾਨਵਰ ਇਕੱਠੇ ਹੋ ਜਾਂਦੇ। ਬਾਹਰਲੇ ਸ਼ੇਰ ਜਾਂ ਸ਼ਿਕਾਰੀ ਦੀ ਕੋਈ ਪੇਸ਼ ਨਾ ਜਾਂਦੀ। ਉਨ੍ਹਾਂ ਨੂੰ ਖਾਲੀ ਹੱਥ ਮੁੜਨਾ ਪੈਂਦਾ।
ਸ਼ੇਰ ਦੀ ਆਦਤ ਸੀ ਕਿ ਉਹ ਸੈਰ ਕਰਨ ਦੂਸਰੇ ਜੰਗਲ ਵਿੱਚ ਚਲਾ ਜਾਂਦਾ ਸੀ। ਫਿਰ ਉਹ ਕਈ-ਕਈ ਮਹੀਨੇ ਨਾ ਮੁੜਦਾ। ਸ਼ੇਰ ਦੇ ਸੈਰ ਕਰਨ ਜਾਣ ਤੋਂ ਬਾਅਦ ਜੰਗਲ ਦੇ ਸਾਰੇ ਜਾਨਵਰ ਹਾਥੀ ਨੂੰ ਰਾਜਾ ਮੰਨਦੇ ਸਨ। ਇੱਕ ਵਾਰ ਸ਼ੇਰ ਦੂਰ ਕਿਸੇ ਹੋਰ ਜੰਗਲ ਵਿੱਚ ਗਿਆ। ਜਿੱਥੋਂ ਉਹ ਕਈ ਮਹੀਨਿਆਂ ਤੱਕ ਨਾ ਮੁੜਿਆ। ਪਿੱਛੋਂ ਸ਼ੇਰ ਦਾ ਪਰਮ ਮਿੱਤਰ ਹਾਥੀ ਜੰਗਲ ਦਾ ਰਾਜਾ ਬਣ ਗਿਆ ਸੀ। ਹਾਥੀ ਦਾ ਸੁਭਾਅ ਵੀ ਸ਼ੇਰ ਵਰਗਾ ਹੀ ਸੀ। ਹਾਥੀ ਵੀ ਜੰਗਲ ਦੇ ਕਿਸੇ ਜਾਨਵਰ ਨੂੰ ਤੰਗ ਨਹੀਂ ਕਰਦਾ ਸੀ। ਉਸ ਵਿੱਚ ਵੀ ਰਾਜਿਆਂ ਵਾਲੀ ਆਕੜ ਨਹੀਂ ਸੀ। ਜੰਗਲ ਦੇ ਸਾਰੇ ਜਾਨਵਰ ਉਸ ਨਾਲ ਹੱਸਦੇ-ਖੇਡਦੇ ਰਹਿੰਦੇ ਸਨ ਪਰ ਹਥਨੀ ਨੂੰ ਹਾਥੀ ਦੀਆਂ ਇਹ ਆਦਤਾਂ ਬਿਲਕੁਲ ਵੀ ਪਸੰਦ ਨਹੀਂ ਸਨ।
‘‘ਰਾਜੇ ਨੂੰ ਰਾਜਿਆਂ ਵਾਂਗ ਰਹਿਣਾ ਚਾਹੀਦੈ। ਐਵੇਂ ਹਰੇਕ ਜਾਨਵਰ ਨਾਲ ਨਹੀਂ ਤੁਰੇ ਫਿਰਦੇ ਰਹਿਣਾ ਚਾਹੀਦਾ। ਰਾਜੇ ਦੀ ਦੋਸਤੀ ਰਾਜਿਆਂ ਨਾਲ ਹੀ ਹੋਣੀ ਚਾਹੀਦੀ ਹੈ।’’ ਇੱਕ ਦਿਨ ਹਥਨੀ ਨੇ ਹਾਥੀ ਨੂੰ ਆਖਿਆ। ਉਹ ਹਾਥੀ ਨੂੰ ਹੰਕਾਰੀ ਰਾਜਾ ਬਣਿਆ ਵੇਖਣਾ ਚਾਹੁੰਦੀ ਸੀ। ਹਥਨੀ ਦੇ ਵਿਚਾਰਾਂ ਦੇ ਉਲਟ ਹਾਥੀ ਦਾ ਵਿਚਾਰ ਸੀ ਕਿ ਇੱਕ ਰਾਜੇ ਨੂੰ ਪਰਉਪਕਾਰੀ ਤੇ ਦਿਆਲੂ ਹੋਣਾ ਚਾਹੀਦਾ ਹੈ ਤੇ ਸਾਨੂੰ ਕਿਸੇ ਮਜ਼ਲੂਮ ਨੂੰ ਤੰਗ ਨਹੀਂ ਕਰਨਾ ਚਾਹੀਦਾ। ਹਾਥੀ ਇੱਕ ਪਾਸੇ ਪਰਉਪਕਾਰੀ ਸੀ, ਦੂਜੇ ਪਾਸੇ ਲਾਈਲੱਗ ਵੀ ਸੀ। ਉਹ ਆਪਣੇ ਦਿਮਾਗ਼ ਤੋਂ ਘੱਟ ਹੀ ਕੰਮ ਲੈਂਦਾ ਸੀ। ਉਹ ਝੱਟ ਹਥਨੀ ਦੀਆਂ ਗੱਲਾਂ ਵਿੱਚ ਆ ਗਿਆ।
‘‘ਮੈਂ ਹੁਣ ਜੰਗਲ ਦਾ ਰਾਜਾ ਹਾਂ। ਮੇਰੇ ਨਾਲ ਜੰਗਲ ਦਾ ਕੋਈ ਜਾਨਵਰ ਨਹੀਂਂ ਖੇਡ ਸਕਦਾ। ਜਿਸ ਰਸਤੇ ਮੈਂ ਸੈਰ ਕਰਨ ਜਾਵਾਂਗਾ, ਉਸ ਰਸਤੇ ’ਤੇ ਹੋਰ ਕੋਈ ਜਾਨਵਰ ਨਹੀਂ ਦਿਸਣਾ ਚਾਹੀਦਾ।’’ ਹਥਨੀ ਦੇ ਪਿੱਛੇ ਲੱਗ ਕੇ ਹਾਥੀ ਨੇ ਇਹ ਐਲਾਨ ਕਰ ਦਿੱਤਾ। ਹੁਣ ਹਾਥੀ ਰਾਜੇ ਨਾਲ ਕੋਈ ਵੀ ਜਾਨਵਰ ਹੱਸਦਾ-ਖੇਡਦਾ ਨਹੀਂ ਸੀ। ਹਾਥੀ ਸਵੇਰ-ਸ਼ਾਮ ਸ਼ਾਹੀ ਠਾਠ ਨਾਲ ਘਰੋਂ ਬਾਹਰ ਨਿਕਲਦਾ। ਹਾਥੀ ਨੂੰ ਵੇਖ ਕੇ ਸਾਰੇ ਜਾਨਵਰ ਲੁਕ ਜਾਂਦੇ। ਜਿਸ ਰਸਤੇ ਹਾਥੀ ਸੈਰ ਕਰਨ ਜਾਂਦਾ, ਉਹ ਰਸਤਾ ਬਿਲਕੁਲ ਸੁੰਨਾ ਹੁੰਦਾ। ਜੰਗਲ ਦੇ ਸਾਰੇ ਜਾਨਵਰ ਹਾਥੀ ਦੇ ਇਸ ਵਤੀਰੇ ਤੋਂ ਹੈਰਾਨ ਸਨ ਪਰ ਕਿਸੇ ਨੇ ਵੀ ਹਾਥੀ ਨਾਲ ਸਵਾਲ-ਜਵਾਬ ਕਰਨ ਦੀ ਹਿੰਮਤ ਨਹੀਂਂ ਸੀ ਕੀਤੀ ਕਿਉਂਕਿ ਹਾਥੀ ਜੰਗਲ ਦਾ ਰਾਜਾ ਸੀ। ਇਸ ਲਈ ਸਾਰੇ ਜਾਨਵਰ ਚੁੱਪਚਾਪ ਹਾਥੀ ਦੇ ਆਦੇਸ਼ ਦਾ ਪਾਲਣ ਕਰਨ ਲੱਗ ਪਏ ਸਨ। ਇਸ ਤਰ੍ਹਾਂ ਕਿੰਨੇ ਹੀ ਦਿਨ ਲੰਘ ਗਏ।
ਇਸ ਦੌਰਾਨ ਹੀ ਸਰਕਸ ਵਾਲਿਆਂ ਨੇ ਵੀ ਆਪਣਾ ਜਾਲ ਵਿਛਾਉਣਾ ਸ਼ੁਰੂ ਕਰ ਦਿੱਤਾ। ਕੁਝ ਦਿਨ ਸਰਕਸ ਵਾਲੇ ਹਾਥੀ ਨੂੰ ਸੈਰ ਕਰਦਿਆਂ ਵੇਖਦੇ ਰਹੇ। ਉਹ ਹਾਥੀ ਨੂੰ ਫੜਨਾ ਚਾਹੁੰਦੇ ਸਨ ਕਿਉਂਕਿ ਉਨ੍ਹਾਂ ਨੂੰ ਸਰਕਸ ਲਈ ਇੱਕ ਹਾਥੀ ਦੀ ਲੋੜ ਸੀ। ਉਨ੍ਹਾਂ ਨੇ ਪਹਿਲਾਂ ਵੀ ਕਈ ਵਾਰ ਹਾਥੀ ਨੂੰ ਫੜਨ ਦੀ ਗੁਪਤ ਯੋਜਨਾ ਬਣਾਈ ਸੀ ਪਰ ਬਾਕੀ ਦੇ ਜਾਨਵਰ ਵੇਖ ਲੈਂਦੇ ਸਨ। ਸਰਕਸ ਵਾਲਿਆਂ ਨੂੰ ਜੰਗਲ ਵਿੱਚ ਫਿਰਦਿਆਂ ਵੇਖ ਕੇ ਬਾਕੀ ਦੇ ਜਾਨਵਰ ਹਾਥੀ ਨੂੰ ਸੁਚੇਤ ਕਰ ਦਿੰਦੇ ਸਨ। ਇਸ ਤਰ੍ਹਾਂ ਹਾਥੀ ਚੌਕੰਨਾ ਹੋ ਜਾਂਦਾ ਸੀ ਤੇ ਉਹ ਸਰਕਸ ਵਾਲਿਆਂ ਦੇ ਕਾਬੂ ਨਹੀਂਂ ਆਉਂਦਾ ਸੀ।
ਹੁਣ ਸਰਕਸ ਵਾਲਿਆਂ ਦਾ ਦਾਅ ਲੱਗ ਸਕਦਾ ਸੀ ਕਿਉਂਕਿ ਸਾਰੇ ਜਾਨਵਰ ਹਾਥੀ ਨਾਲ ਨਾਰਾਜ਼ ਸਨ। ਕਿਸੇ ਵੀ ਜਾਨਵਰ ਨੇ ਹਾਥੀ ਨੂੰ ਨਹੀਂ ਦੱਸਣਾ ਸੀ। ਸਰਕਸ ਵਾਲੇ ਬਹੁਤ ਖ਼ੁਸ਼ ਸਨ। ਮੌਕਾ ਸੰਭਾਲਦਿਆਂ ਸਰਕਸ ਵਾਲਿਆਂ ਨੇ ਹਾਥੀ ਦੇ ਸੈਰ ਕਰਨ ਵਾਲੇ ਰਸਤੇ ’ਤੇ ਇੱਕ ਡੂੰਘੀ ਖੱਡ ਪੁੱਟ ਲਈ। ਉਨ੍ਹਾਂ ਖੱਡ ਨੂੰ ਉੱਪਰੋਂ ਕੱਖਾਂ ਕਾਨਿਆਂ ਨਾਲ ਢਕ ਦਿੱਤਾ। ਉਨ੍ਹਾਂ ਨੇ ਖੱਡ ਉੱਪਰ ਥੋੜ੍ਹੀ ਜਿਹੀ ਮਿੱਟੀ ਪਾ ਕੇ ਦੁਬਾਰਾ ਹਾਥੀ ਦੇ ਲੰਘਣ ਲਈ ਰਾਹ ਬਣਾ ਦਿੱਤਾ।
ਆਪ ਸਰਕਸ ਵਾਲੇ ਇੱਕ ਪਾਸੇ ਲੁਕ ਕੇ ਬਹਿ ਗਏ ਸਨ। ਨਿਸ਼ਚਿਤ ਸਮੇਂ ’ਤੇ ਹਾਥੀ ਸੈਰ ਕਰਨ ਆਇਆ। ਉਸ ਨੂੰ ਕੀ ਪਤਾ ਸੀ ਕਿ ਥੱਲੇ ਖੱਡ ਹੈ। ਉਹ ਮਸਤੀ ਨਾਲ ਤੁਰਦਾ ਗਿਆ ਤੇ ਧੜੱਮ ਕਰਕੇ ਖੱਡ ਵਿੱਚ ਡਿੱਗ ਪਿਆ। ਹਾਥੀ ਦੇ ਡਿੱਗਣ ਦੀ ਦੇਰ ਸੀ, ਸਰਕਸ ਵਾਲਿਆਂ ਨੇ ਘੇਰਾ ਪਾ ਲਿਆ। ਉਨ੍ਹਾਂ ਮਜ਼ਬੂਤ ਰੱਸਿਆਂ ਨਾਲ ਹਾਥੀ ਨੂੰ ਬੰਨ੍ਹ ਲਿਆ। ਉਹ, ਹਾਥੀ ਨੂੰ ਟਰੱਕ ’ਤੇ ਚੜ੍ਹਾ ਕੇ ਸ਼ਹਿਰ ਲੈ ਗਏ।
ਹਾਥੀ ਦੇ ਫੜੇ ਜਾਣ ਦੀ ਖ਼ਬਰ ਅੱਗ ਵਾਂਗ ਜੰਗਲ ਵਿੱਚ ਫੈਲ ਗਈ। ਸਾਰੇ ਜਾਨਵਰ ਇਕੱਠੇ ਹੋ ਗਏ। ਹਥਨੀ ਜੰਗਲ ਦੇ ਬਾਕੀ ਜਾਨਵਰਾਂ ’ਤੇ ਗੁੱਸਾ ਕੱਢ ਰਹੀ ਸੀ ਕਿ ਉਨ੍ਹਾਂ ਨੇ ਹਾਥੀ ਤੇ ਹਥਨੀ ਨੂੰ ਦੱਸਿਆ ਨਹੀਂਂ ਸੀ ਕਿ ਜੰਗਲ ਵਿੱਚ ਸਰਕਸ ਵਾਲੇ ਫਿਰ ਰਹੇ ਹਨ।
‘‘ਪਰਜਾ ਨੂੰ ਰਾਜੇ ਨਾਲ ਗੱਲ ਕਰਨ ਦਾ ਹੁਕਮ ਨਹੀਂ ਸੀ। ਅਸੀਂ ਹਾਥੀ ਰਾਜੇ ਨੂੰ ਕਿਉਂ ਸਰਕਸ ਵਾਲਿਆਂ ਬਾਰੇ ਦੱਸਦੇ।’’ ਗਿੱਦੜ ਨੇ ਵਿਅੰਗ ਨਾਲ ਕਿਹਾ। ਅੰਦਰੋਂ ਉਹ ਵੀ ਖ਼ੁਸ਼ ਸੀ। ਗਿੱਦੜ ਦੀ ਗੱਲ ਸੁਣ ਕੇ ਹਥਨੀ ਸਿਰ ਫੜ ਕੇ ਬਹਿ ਗਈ। ਉਸ ਨੂੰ ਹੰਕਾਰ ਕਰਨ ਦੀ ਸਜ਼ਾ ਮਿਲ ਗਈ ਸੀ। ਉਸ ਨੇ ਹੀ ਹਾਥੀ ਨੂੰ ਬਾਕੀ ਦੇ ਜਾਨਵਰਾਂ ਤੋਂ ਦੂਰ ਰਹਿਣ ਲਈ ਕਿਹਾ ਸੀ। ਕੁਝ ਦਿਨਾਂ ਬਾਅਦ ਸ਼ੇਰ ਵੀ ਸੈਰ ਕਰਕੇ ਮੁੜ ਆਇਆ। ਸ਼ੇਰ ਵੀ ਹਥਨੀ ਨੂੰ ਗੁੱਸੇ ਹੋਣ ਲੱਗਾ। ਹਥਨੀ ਦੀ ਜ਼ਿੱਦ ਤੇ ਹੰਕਾਰ ਕਾਰਨ ਉਸ ਨੇ ਆਪਣਾ ਵਿਸ਼ਵਾਸ ਪਾਤਰ ਵਜ਼ੀਰ ਗੁਆ ਲਿਆ ਸੀ।
ਸੰਪਰਕ: 94165-92149