ਹਤਿੰਦਰ ਮਹਿਤਾ
ਜਲੰਧਰ, 2 ਅਗਸਤ
ਪੰਜਾਬ ਦੀਆਂ ਮੰਡੀਆਂ ’ਚ ਲੇਬਰ ਤੇ ਟਰਾਂਸਪੋਰਟੇਸ਼ਨ ਟੈਂਡਰਾਂ ਵਿੱਚ ਕਰੋੜਾਂ ਰੁਪਏ ਦੇ ਘਪਲੇ ਦੇ ਦੋਸ਼ ਹੇਠ ਬੀਤੇ ਦਿਨ ਐੱਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਵੱਲੋਂ ਗ੍ਰਿਫ਼ਤਾਰ ਕੀਤੇ ਗਏ ਸੀਨੀਅਰ ਕਾਂਗਰਸੀ ਆਗੂ ਤੇ ਸਾਬਕਾ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਨੂੰ ਅੱਜ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਅਦਾਲਤ ਨੇ ਆਸ਼ੂ ਦਾ ਪੰਜ ਦਿਨ ਦਾ ਰਿਮਾਂਡ ਦਿੱਤਾ ਹੈ। ਉਨ੍ਹਾਂ ਨੂੰ 7 ਅਗਸਤ ਨੂੰ ਮੁੜ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ।
ਬੀਤੇ ਦਿਨ ਈਡੀ ਨੇ ਆਸ਼ੂ ਨੂੰ ਪੁੱਛਗਿੱਛ ਲਈ ਜਲੰਧਰ ਬੁਲਾਇਆ ਸੀ ਅਤੇ ਦੇਰ ਸ਼ਾਮ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਸੀ। ਸੂਤਰਾਂ ਅਨੁਸਾਰ ਆਸ਼ੂ ਈਡੀ ਦੇ ਸਵਾਲਾਂ ਦਾ ਜਵਾਬ ਨਹੀਂ ਦੇ ਸਕੇ। ਈਡੀ ਪਿਛਲੀ ਕਾਂਗਰਸ ਸਰਕਾਰ ਦੌਰਾਨ ਮੰਤਰੀ ਰਹਿੰਦਿਆਂ ਆਸ਼ੂ ਦੀ ਵਧੀ ਜਾਇਦਾਦ ਦੀ ਜਾਂਚ ਕਰ ਰਹੀ ਹੈ। ਜਾਂਚ ਵਿੱਚ ਵਿਦੇਸ਼ਾਂ ’ਚ ਕੁਝ ਲੈਣ-ਦੇਣ ਸਾਹਮਣੇ ਆਏ ਹਨ ਜਿਸ ਕਾਰਨ ਆਸ਼ੂ ਦੀਆਂ ਮੁਸ਼ਕਲਾਂ ਵਧ ਗਈਆਂ ਹਨ। ਈਡੀ ਹੁਣ ਉਨ੍ਹਾਂ ਖਾਤਾਧਾਰਕਾਂ ਦੀ ਸਮੀਖਿਆ ਕਰਨ ਵਿੱਚ ਰੁੱਝੀ ਹੋਈ ਹੈ ਜਿਨ੍ਹਾਂ ਦੇ ਖਾਤਿਆਂ ਵਿੱਚ ਪੈਸੇ ਟਰਾਂਸਫਰ ਕੀਤੇ ਗਏ ਹਨ।
ਈਡੀ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਜਨਤਕ ਕੀਤੇ ਗਏ ਆਸ਼ੂ ਦੀਆਂ ਜਾਇਦਾਦਾਂ ਦੇ ਹਲਫਨਾਮਿਆਂ ਦੇ ਨਾਲ-ਨਾਲ ਉਨ੍ਹਾਂ ਦੀ ਮੌਜੂਦਾ ਜਾਇਦਾਦ ਦਾ ਵੀ ਮੁਲਾਂਕਣ ਕਰ ਰਹੀ ਹੈ। ਈਡੀ ਆਉਣ ਵਾਲੇ ਦਿਨਾਂ ’ਚ ਆਸ਼ੂ ਦੇ ਕੁਝ ਕਰੀਬੀਆਂ ਤੋਂ ਵੀ ਪੁੱਛਗਿੱਛ ਕਰ ਸਕਦੀ ਹੈ। ਜ਼ਿਕਰਯੋਗ ਹੈ ਕਿ ਆਸ਼ੂ ਇਸ ਤੋਂ ਪਹਿਲਾਂ ਵੀ ਜੇਲ੍ਹ ਜਾ ਚੁੱਕੇ ਹਨ। ਉਹ 7 ਮਈ 2023 ਤੋਂ ਜ਼ਮਾਨਤ ’ਤੇ ਹਨ।