ਇੰਜ. ਜਗਜੀਤ ਸਿੰਘ ਕੰਡਾ
ਤੀਆਂ ਦਾ ਨਾਂ ਲੈਂਦਿਆਂ ਹੀ ਕੁੜੀਆਂ ਦੇ ਮਨ ਅੰਦਰ ਸਾਉਣ ਦੇ ਛਰਾਟੇ ਵਾਂਗ ਇਕਦਮ ਸਰੂਰ ਜਿਹਾ ਭਰ ਜਾਂਦਾ ਹੈ। ਤੀਆਂ ਦਾ ਚਾਅ ਮੁਟਿਆਰਾਂ, ਵਿਆਹੀਆਂ, ਅੱਧਖੜ ਤੇ ਵਡੇਰੀ ਉਮਰ ਦੀਆਂ ਔਰਤਾਂ ਦੇ ਮਨਾਂ ਅੰਦਰ ਖ਼ੁਸ਼ੀਆਂ ਤੇ ਖੇੜੇ ਭਰ ਕੇ ਹੁਲਾਰੇ ਦੇਣ ਲੱਗਦਾ ਹੈ। ਸਾਉਣ ਮਹੀਨੇ ਦੇ ਚਾਨਣ ਪੱਖ ਦੀ ਤੀਜ ਵਾਲੇ ਦਿਨ ਤੀਆਂ ਦਾ ਤਿਉਹਾਰ ਸ਼ੁਰੂ ਹੋ ਕੇ ਪੁੰਨਿਆਂ ਨੂੰ ਖ਼ਤਮ ਹੋ ਜਾਂਦਾ ਹੈ। ਸਾਡੇ ਸੱਭਿਆਚਾਰ ਦੀਆਂ ਰੀਤਾਂ ਅਨੁਸਾਰ ਮਾਪੇ ਆਪਣੀਆਂ ਸੱਜ-ਵਿਆਹੀਆਂ ਧੀਆਂ ਨੂੰ ਸਾਉਣ ਮਹੀਨਾ ਸ਼ੁਰੂ ਹੋਣ ਤੋਂ ਪਹਿਲਾਂ ਹੀ ਪੇਕੇ ਲੈ ਆਉਂਦੇ ਸਨ। ਇਸ ਨਾਲ ਵਹਿਮ ਵੀ ਜੁੜਿਆ ਹੋਇਆ ਸੀ, ਪ੍ਰੰਤੂ ਸੱਜ-ਵਿਆਹੀਆਂ ਨੂੰ ਆਪਣੇ ਪੇਕੇ ਘਰ ਜਾ ਕੇ ਆਪਣੀਆਂ ਸਹੇਲੀਆਂ ਨਾਲ ਮੇਲ-ਮਿਲਾਪ ਦੀ ਤਾਂਘ ਵੱਧ ਹੁੰਦੀ ਸੀ।
ਆਪਣੇ ਵਿਰਸੇ ’ਤੇ ਪਏ ਪੱਛਮੀ ਸੱਭਿਆਚਾਰ ਦੇ ਪ੍ਰਭਾਵ ਕਾਰਨ ਅੱਜ ਅਸੀਂ ਪਿੰਡਾਂ ਵਿੱਚੋਂ ਤੀਆਂ ਦੇ ਪਿੜ ਤੇ ਬਰੋਟੇ ਖ਼ੁਦ ਹੀ ਆਪਣੇ ਹੱਥੀਂ ਮਿਟਾਉਣ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ। ਅੱਜ ਲੋਕਾਂ ਵਿੱਚ ਆਪਸੀ ਮੋਹ-ਪਿਆਰ ਖ਼ਤਮ ਹੋਣ ਕਿਨਾਰੇ ਹੋਣ ਕਾਰਨ ਤੀਆਂ ਦੇ ਰੰਗ ਫਿੱਕੇ ਪੈ ਗਏ ਜਾਪਦੇ ਹਨ। ਪਿੰਡਾਂ ਦੀ ਢਾਬ ਕੰਢੇ ਪਿੱਪਲ, ਬੋਹੜ ਜਾਂ ਨਿੰਮ ਦੇ ਦਰੱਖਤ ਥੱਲੇ ਤੀਆਂ ਦੇ ਗਿੱਧੇ ਪੈਣ ਦੀ ਥਾਂ ਹੁਣ ਤੀਆਂ ਨੂੰ ਸੱਭਿਆਚਾਰਕ ਪ੍ਰੋਗਰਾਮ ਦਾ ਨਾਂ ਦੇ ਕੇ ਕਲੱਬਾਂ ਆਦਿ ਦੀਆਂ ਸਟੇਜਾਂ ਅਤੇ ਸਕੂਲਾਂ, ਕਾਲਜਾਂ ਦੇ ਵਿਹੜਿਆਂ ਵਿੱਚ ਕੁਝ ਕੁ ਘੰਟਿਆਂ ਦਾ ਸ਼ਿੰਗਾਰ ਬਣਾ ਕੇ ਰੱਖ ਦਿੱਤਾ ਹੈ। ਇਸ ਲੋਪ ਹੋ ਰਹੇ ਵਿਰਸੇ ਨੂੰ ਬਚਾਉਣ ਵਾਲੇ ਕਈ ਹਮਦਰਦ ਉਪਰਾਲੇ ਕਰਨ ਲੱਗੇ ਹੋਏ ਹਨ, ਪ੍ਰੰਤੂ ਪੁਰਾਣੇ ਸਮਿਆਂ ਵਾਂਗ ਅੰਬਰੀਂ ਪੀਂਘ ਚੜ੍ਹਾ ਕੇ ਤੀਆਂ ਵਿੱਚ ਪੈਂਦੀ ਧਮਾਲ ਹੁਣ ਕਿਧਰੇ ਵੇਖਣ ਨੂੰ ਨਹੀਂ ਮਿਲਦੀ।
ਉਸ ਸਮੇਂ ਇਹ ਤਿਉਹਾਰ ਪੰਦਰਾਂ ਦਿਨ ਚੱਲਦਾ ਸੀ। ਪੂਰਨਮਾਸ਼ੀ ਦੀ ਸ਼ਾਮ ਨੂੰ ਤੀਆਂ ਖ਼ਤਮ ਹੁੰਦੀਆਂ ਸਨ। ਤੀਆਂ ਦੇ ਅਖੀਰਲੇ ਦਿਨ ਪੈਣ ਵਾਲੇ ਗਿੱਧੇ ਨੂੰ ‘ਬੱਲੋ’ ਪਾਉਣੀ ਵੀ ਕਿਹਾ ਜਾਂਦਾ ਹੈ। ਤੀਜ ਤੋਂ ਇੱਕ ਦਿਨ ਪਹਿਲਾਂ ਭਾਵ ਦੂਜ ਵਾਲੇ ਦਿਨ ਮੁਟਿਆਰਾਂ, ਕੁੜੀਆਂ, ਇਸਤਰੀਆਂ ਤੇ ਬਜ਼ੁਰਗ ਔਰਤਾਂ ਸਮੇਤ ਬੱਚੇ ਸਾਰੇ ਚਾਅ ਨਾਲ ਆਪਣੇ ਹੱਥਾਂ ’ਤੇ ਮਹਿੰਦੀ ਲਵਾਉਂਦੇ ਤੇ ਵੰਗਾਂ ਚੜ੍ਹਾਉਂਦੇ ਸਨ। ਤੀਆਂ ਅਸਲ ਵਿੱਚ ਮੇਲ-ਮਿਲਾਪ ਦਾ ਤਿਉਹਾਰ ਹੈ। ਤੀਆਂ ਦੇ ਦਿਨਾਂ ਵਿੱਚ ਲੋਕ ਆਪਣੇ ਘਰਾਂ ਵਿੱਚ ਖੀਰ-ਕੜਾਹ, ਪੂੜੇ, ਗੁਲਗਲੇ ਆਦਿ ਪਕਾਉਂਦੇ ਸਨ।
ਹੁਣ ਤੀਆਂ ਸਾਡੇ ਅਤੀਤ ਦਾ ਹਿੱਸਾ ਬਣਦੀਆਂ ਜਾ ਰਹੀਆਂ ਹਨ। ਮੇਲਿਆਂ ਦਾ ਪ੍ਰਬੰਧ ਕਰਨ ਵਾਲੇ ਲੋਕ ਹੁਣ ਸਿਰਫ਼ ਇੱਕ ਦਿਨ ਤੀਆਂ ਦੀ ਸ਼ਾਮ ਨੂੰ ਮਨਾਉਣ ਦਾ ਢਕਵੰਜ ਕਰਕੇ ਆਪਣੀ ਪਿੱਠ ਥਾਪੜ ਰਹੇ ਹਨ। ਇਸ ਲਈ ਤਿਆਰੀ ਵਾਸਤੇ ਕਿਸੇ ਖਾਸ ਬਿਊਟੀ ਪਾਰਲਰ ਤੋਂ ਬਣਾਉਟੀ ਮੇਕਅਪ ਤੇ ਬਣਾਉਟੀ ਗਹਿਣਾ ਗੱਟਾ ਪਾ ਕੇ ਕੀਤੀ ਤਿਆਰੀ ਨਾਲ ਕੁੜੀਆਂ ਗਿੱਧਾ ਪਾਉਂਦੀਆਂ ਹਨ, ਪ੍ਰੰਤੂ ਪੁਰਾਤਨ ਸਮੇਂ ਵਿੱਚ ਨੈਣ ਕੁੜੀਆਂ ਦੇ ਸਿਰ ਗੁੰਦ ਕੇ ਆਪਣੀ ਕਲਾ ਦੇ ਜੌਹਰ ਦਿਖਾਉਂਦੀ, ਵਾਲਾਂ ’ਤੇ ਮੋਰ ਘੁੱਗੀਆਂ ਬਣਾਉਂਦੀ ਤੇ ਡਾਕ ਬੰਗਲੇ ਸਿਰਜਕੇ ਮੁਟਿਆਰਾਂ ਦੇ ਹੁਸਨ ਨੂੰ ਚਾਰ ਚੰਨ ਲਾ ਦਿੰਦੀ ਸੀ। ਅੱਜ ਦੇ ਜ਼ਮਾਨੇ ਵਾਂਗ ਮਹਿੰਦੀ ਡਿਜੀਟਲ ਤਰੀਕੇ ਨਹੀਂ ਲੱਗਦੀ ਸੀ। ਕੁੜੀਆਂ ਤੇ ਵਹੁਟੀਆਂ ਤੀਲੇ ਨਾਲ ਤੀਆਂ ਤੋਂ ਪਹਿਲਾਂ ਰਾਤ ਨੂੰ ਹੀ ਆਪਣੇ ਹੱਥਾਂ ਉੱਤੇ ਮਹਿੰਦੀ ਨਾਲ ਸੋਹਣੇ ਫੁੱਲ-ਬੂਟੇ ਬਣਾ ਲੈਂਦੀਆਂ, ਦੂਜੀ ਸਵੇਰ ਮਹਿੰਦੀ ਧੋ ਕੇ ਬਣੇ ਹੋਏ ਰੱਤੇ ਫੁੱਲਾਂ ਨੂੰ ਤੱਕ-ਤੱਕ ਫੁੱਲੀਆਂ ਨਾ ਸਮਾਉਂਦੀਆਂ।
ਤੀਆਂ ਵਾਲੇ ਦਿਨ ਦੁਪਹਿਰ ਢਲਣ ਸਾਰ ਸਭ ਕੁੜੀਆਂ ਪਹਿਨ-ਪੱਚਰ ਕੇ, ਸਿਰ ਗੁੰਦਾ ਕੇ, ਹਾਰ ਸ਼ਿੰਗਾਰ ਕਰਕੇ, ਰੱਸੇ ਚੁੱਕ ਤੀਆਂ ਵਾਲੇ ਪਿੜ ਪਹੁੰਚ ਕੇ ਉੱਚੀਆਂ ਪੀਂਘਾਂ ਪਾ ਕੇ ਅੰਬਰੀ ਪੀਂਘ ਚੜ੍ਹਾਂ ਬੋਲੀਆਂ ਪਾਉਂਦੀਆਂ;
ਆਇਆ ਸਾਵਣ ਦਿਲ ਪਰਚਾਵਣ
ਝੜੀ ਲੱਗ ਗਈ ਭਾਰੀ
ਝੂਟੇ ਲੈਂਦੀ ਮਰੀਆ ਭਿੱਜ ਗਈ, ਨਾਲੇ ਰਾਮ ਪਿਆਰੀ
ਕੁੜਤੀ ਹਰੋ ਦੀ ਭਿੱਜੀ ਵਰੀ ਦੀ, ਕਿਸ਼ਨੋ ਦੀ ਫੁਲਕਾਰੀ
ਹਰਨਾਮੀ ਦੀ ਸੁੱਥਣ ਭਿੱਜਗੀ, ਬਹੁਤੇ ਗੋਟੇ ਵਾਲੀ
ਜੰਨਤ ਦੀਆਂ ਭਿੱਜੀਆਂ ਮੀਢੀਆਂ,
ਗਿਣਤੀ ਚ ਪੂਰੀਆਂ ਚਾਲੀ
ਪੀਂਘ ਝੂਟਦੀ ਸੱਸੀ ਡਿੱਗ ਪਈ, ਨਾਲੇ ਨੂਰੀ ਨਾਭੇ ਵਾਲੀ
ਸ਼ਾਮੋ ਕੁੜੀ ਦੀ ਝਾਂਜਰ ਗੁਆਚ ਗਈ, ਆ ਰੱਖੀ ਨੇ ਭਾਲੀ
ਭਿੱਜ ਗਈ ਲਾਜੋ ਵੇ, ਬਹੁਤੇ ਹਿਰਖਾਂ ਵਾਲੀ
ਪੀਂਘ ਨੂੰ ਅੰਬਰੀਂ ਤਾਂ ਸਾਰੀਆਂ ਹੀ ਚੜ੍ਹਾਉਣ ਦੀ ਕੋਸ਼ਿਸ਼ ਕਰਦੀਆਂ, ਪ੍ਰੰਤੂ ਕੋਈ ਨਿੱਡਰ ਮੁਟਿਆਰ ਹੀ ਰੁੱਖ ਦੀ ਟੀਸੀ ਦਾ ਪੱਤਾ ਆਪਣੇ ਦੰਦਾਂ ਨਾਲ ਤੋੜ ਕੇ ਲਿਆਉਂਦੀ। ਮੁਟਿਆਰਾਂ ਦਾ ਗਿੱਧਾ ਤੀਆਂ ਵਿੱਚ ਸਭ ਤੋਂ ਵੱਧ ਖਿੱਚ ਦਾ ਕੇਂਦਰ ਹੁੰਦਾ ਸੀ। ਬੋਲੀਆਂ ਪਾ-ਪਾ ਕੇ ਮੁਟਿਆਰਾਂ ਧੁਰ ਅੰਦਰੋਂ ਸਾਰਾ ਦਰਦ ਫਰੋਲ ਦਿੰਦੀਆਂ ਸਨ ਜਿਸ ਕਾਰਨ ਤੀਆਂ ਰੂਹ ਦਾ ਦਰਦ ਕਹਿਣ ਤੇ ਸੁਣਨ ਦਾ ਜ਼ਰੀਆ ਬਣਦੀਆਂ ਸਨ। ਗੋਲ ਘੇਰਾ ਬਣਾ ਕੇ ਗਿੱਧਾ ਪਾਉਂਦੀਆਂ ਵਿੱਚੋਂ ਇੱਕ ਬੋਲੀ ਪਾਉਂਦੀ ਤੇ ਬਾਕੀ ਸਾਰੀਆਂ ਅਖੀਰਲੇ ਟੱਪੇ ਨੂੰ ਬਾਰ-ਬਾਰ ਦੁਹਰਾ ਕੇ ਬੋਲਦੀਆਂ ਸਨ;
ਸਾਉਣ ਦਾ ਮਹੀਨਾ, ਬਾਗਾਂ ਵਿੱਚ ਬੋਲਣ ਮੋਰ ਵੇ
ਅਸਾਂ ਨ੍ਹੀਂ ਸਹੁਰੇ ਜਾਣਾ, ਗੱਡੀ ਨੂੰ ਖਾਲੀ ਮੋੜ ਵੇ
ਪੁੰਨਿਆ ਵਾਲੇ ਦਿਨ ‘ਬੱਲੋ’ ਪਾਉਣ ਤੋਂ ਬਾਅਦ ਕੁੜੀਆਂ ਘਰ ਨੂੰ ਵਾਪਸ ਮੁੜਦੀਆਂ ਜਾਂਦੀਆਂ ਵਾਰ-ਵਾਰ, ਰੁਕ-ਰੁਕ ਕੇ ਗਿੱਧਾ ਪਾਉਂਦੀਆਂ ਤੇ ਗੀਤ ਗਾਉਂਦੀਆਂ ਹੋਈਆਂ ਘਰਾਂ ਨੂੰ ਜਾਂਦੀਆਂ ਸਨ। ਅੱਜ ਸਾਡੀ ਤੀਆਂ ਮਨਾਉਣ ਵਾਲੀ ਪੀੜ੍ਹੀ ਦੀ ਮਾਨਸਿਕਤਾ ਨੂੰ ਸੋਸ਼ਲ ਮੀਡੀਆ ਨੇ ਕੀਲ ਕੇ ਆਪਣੀ ਪਿਟਾਰੀ ਦਾ ਗ਼ੁਲਾਮ ਬਣਾਉਣ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ। ਰਹਿੰਦੀ ਕਸਰ ਸਾਡੀਆਂ ਸਰਕਾਰਾਂ ਵੱਲੋਂ ਨੌਜਵਾਨਾਂ ਵਾਸਤੇ ਰੁਜ਼ਗਾਰ ਦੇ ਯੋਗ ਪ੍ਰਬੰਧ ਨਾ ਹੋਣ ਕਾਰਨ +2 ਕਰਨ ਉਪਰੰਤ ਵਿਦੇਸ਼ ਉਡਾਰੀ ਮਾਰਨ ਸਦਕਾ ਅਤੇ ਨਸ਼ੇ ਨੇ ਵੀ ਪੰਜਾਬ ਦੀ ਨੌਜਵਾਨੀ ਦੇ ਅਸਲ ਮਕਸਦ ਨੂੰ ਨਿਗਲ ਲਿਆ ਹੈ। ਪਹਿਲਾਂ ਵਾਲੇ ਸਮੇਂ ਵਿੱਚ ਸੰਯੁਕਤ ਪਰਿਵਾਰ ਸਨ। ਅੱਜ ਸਾਡੇ ਉਹ ਸੰਯੁਕਤ ਪਰਿਵਾਰ ਤਿੜਕ ਕੇ ਟੁਕੜਿਆਂ ਵਿੱਚ ਵੰਡੇ ਗਏ ਹਨ। ਉਨ੍ਹਾਂ ਦੇ ਅੱਗੇ ਇੱਕ ਹੀ ਬੱਚਾ ਹੋਣ ਕਾਰਨ ਮਾਸੀ, ਭੂਆ, ਚਾਚੀ ਆਦਿ ਦੇ ਰਿਸ਼ਤੇ ਤਾਂ ਖ਼ਤਮ ਹੋ ਹੀ ਰਹੇ ਹਨ, ਨਾਲ-ਨਾਲ ਭੈਣ ਤੇ ਭਰਾ ਦੇ ਆਪਸੀ ਪਿਆਰ ਤੇ ਨਿੱਘ ਵਾਲਾ ਤੀਆਂ ਦਾ ਤਿਉਹਾਰ ਇਨ੍ਹਾਂ ਸਾਰੇ ਕਾਰਨਾਂ ਕਰਕੇ ਦਮ ਤੋੜ ਰਿਹਾ ਹੈ। ਹੁਣ ਜਦੋਂ ਕਿਸੇ ਦੇ ਇੱਕ ਮੁੰਡਾ ਹੀ ਹੈ ਤਾਂ ਭੈਣ ਕਿੱਥੋਂ ਲਿਆਵੇ? ਤੇ ਜਿਹਦੇ ਇੱਕ ਕੁੜੀ ਹੈ ਉਸ ਨੂੰ ਸਹੁਰਿਆਂ ਤੋਂ ਸਾਉਣ ਦੇ ਮਹੀਨੇ ਕਿਹੜਾ ਭਰਾ ਲੈਣ ਜਾਵੇਗਾ? ਇਸ ਤਿਉਹਾਰ ਨੂੰ ਜਿਊਂਦਾ ਰੱਖਣ ਲਈ ਸਾਨੂੰ ਆਪੋ-ਆਪਣਾ ਬਣਦਾ ਯੋਗਦਾਨ ਪਾਉਣ ਲਈ ਅੱਗੇ ਆਉਣਾ ਚਾਹੀਦਾ ਹੈ।
ਸੰਪਰਕ: 96462-00468