ਪੱਤਰ ਪ੍ਰੇਰਕ
ਨਵੀਂ ਦਿੱਲੀ, 2 ਅਗਸਤ
ਪੰਜਾਬ ਤੋਂ ਸੰਸਦ ਮੈਂਬਰ ਡਾ. ਵਿਕਰਮਜੀਤ ਸਿੰਘ ਸਾਹਨੀ ਨੇ ਅੱਜ ਰਾਜ ਸਭਾ ਵਿੱਚ ਇੱਕ ਪ੍ਰਾਈਵੇਟ ਮੈਂਬਰ ਬਿੱਲ ਪੇਸ਼ ਕੀਤਾ। ‘ਆਨਲਾਈਨ ਨਫ਼ਰਤ ਵਾਲੇ ਭਾਸ਼ਣ (ਰੋਕਥਾਮ) ਬਿੱਲ 2024’ ਸਿਰਲੇਖ ਵਾਲੇ ਇਸ ਬਿੱਲ ਦਾ ਮੰਤਵ ਸੋਸ਼ਲ ਮੀਡੀਆ ਰਾਹੀਂ ਫੈਲੀ ਫਿਰਕੂ ਖਿੱਚੋਤਾਣ ਅਤੇ ਧਾਰਮਿਕ ਨਫ਼ਰਤ ਨੂੰ ਰੋਕਣ ਦੀ ਕੋਸ਼ਿਸ਼ ਕਰਨਾ ਹੈ। ਉਨ੍ਹਾਂ ਕਿਹਾ ਕਿ ਬਿੱਲ ਵਿੱਚ ਇਹ ਪ੍ਰਬੰਧ ਹੈ,“ਕੋਈ ਵੀ ਵਿਅਕਤੀ ਕਿਸੇ ਵੀ ਮੰਚ ’ਤੇ ਕਿਸੇ ਪ੍ਰਕਾਰ ਦਾ ਬਿਆਨ ਪ੍ਰਕਾਸ਼ਿਤ ਕਰਦਾ ਹੈ, ਪੇਸ਼ ਕਰਦਾ ਹੈ ਜਾਂ ਵੰਡਦਾ ਹੈ ਜਾਂ ਪ੍ਰਦਰਸ਼ਤ ਕਰਦਾ ਹੈ, ਜੋ ਧਾਰਮਿਕ ਦੁਸ਼ਮਣੀ, ਨਫ਼ਰਤ ਫੈਲਾਉਂਦਾ ਜਾਂ ਭੜਕਾਉਂਦਾ ਹੈ ਜਾਂ ਕਿਸੇ ਵਿਅਕਤੀ ਨੂੰ ਉਸਦੇ ਧਰਮ, ਨਸਲ, ਜਾਤ ਜਾਂ ਭਾਈਚਾਰਾ, ਲਿੰਗ, ਰਾਸ਼ਟਰੀ ਜਾਂ ਜਾਤੀ ਮੂਲਕ, ਭਾਸ਼ਾ ਜਾਂ ਅਪਾਹਜਤਾ ਦੇ ਆਧਾਰ ’ਤੇ ਅਪਮਾਨਤ ਕਰਦਾ ਹੈ ਤਾਂ ਪ੍ਰਸਤਾਵਿਤ ਬਿੱਲ ਦੇ ਤਹਿਤ ਨਫ਼ਰਤ ਭਰੇ ਭਾਸ਼ਣ ਦੇ ਅਪਰਾਧ ਲਈ ਦੋਸ਼ੀ ਹੋਵੇਗਾ।’’