ਪੱਤਰ ਪ੍ਰੇਰਕ
ਨਵੀਂ ਦਿੱਲੀ, 2 ਅਗਸਤ
ਕੇਜਰੀਵਾਲ ਸਰਕਾਰ ਨੇ ਠੰਢ ਦੌਰਾਨ ਹਵਾ ਪ੍ਰਦੂਸ਼ਣ ਨੂੰ ਕੰਟਰੋਲ ਕਰਨ ਲਈ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਦਿੱਲੀ ਦੇ ਵਾਤਾਵਰਨ ਮੰਤਰੀ ਗੋਪਾਲ ਰਾਏ ਨੇ ਸਬੰਧਤ ਵਿਭਾਗਾਂ ਨਾਲ ਉੱਚ ਪੱਧਰੀ ਮੀਟਿੰਗ ਕੀਤੀ। ਮੀਟਿੰਗ ਵਿੱਚ ਵਾਤਾਵਰਨ ਵਿਭਾਗ, ਡੀਪੀਸੀਸੀ ਅਤੇ ਵਿਕਾਸ ਵਿਭਾਗ ਦੇ ਅਧਿਕਾਰੀਆਂ ਨੇ ਹਿੱਸਾ ਲਿਆ।
ਵਾਤਾਵਰਨ ਮੰਤਰੀ ਨੇ ਦੱਸਿਆ ਕਿ 21 ਅਗਸਤ ਨੂੰ ਦਿੱਲੀ ਸਕੱਤਰੇਤ ਵਿੱਚ ਵਾਤਾਵਰਨ ਮਾਹਿਰਾਂ ਨਾਲ ਵਾਤਾਵਰਨ ਬਚਾਓ ਗੋਲਮੇਜ਼ ਕਾਨਫਰੰਸ ਕੀਤੀ ਜਾਵੇਗੀ। ਉਨ੍ਹਾਂ ਅੱਗੇ ਕਿਹਾ ਕਿ ਮਾਹਿਰਾਂ ਦੀ ਰਾਏ ’ਤੇ ਸਰਦ ਰੁੱਤ ਕਾਰਜ ਯੋਜਨਾ ਤਿਆਰ ਕੀਤੀ ਜਾਵੇਗੀ। ਸ੍ਰੀ ਰਾਏ ਨੇ ਕਿਹਾ ਕਿ ਮੀਟਿੰਗ ਦੌਰਾਨ ਕਈ ਮਹੱਤਵਪੂਰਨ ਸੁਝਾਅ ਆਏ, ਜਿਨ੍ਹਾਂ ਵਿੱਚ ਮੁੱਖ ਤੌਰ ’ਤੇ ਕੁਝ ਫੋਕਸ ਪੁਆਇੰਟਾਂ ਦੀ ਪਛਾਣ ਕੀਤੀ ਗਈ। ਇਸ ਨੂੰ ਕੇਂਦਰ ਬਿੰਦੂ ਬਣਾ ਕੇ ਕੰਮ ਕੀਤਾ ਜਾਵੇਗਾ। ਜਿਸ ਤਰ੍ਹਾਂ ਧੂੜ ਪ੍ਰਦੂਸ਼ਣ, ਵਾਹਨਾਂ ਦੇ ਪ੍ਰਦੂਸ਼ਣ ਦੀ ਸਮੱਸਿਆ ਹੈ, ਕਈ ਥਾਵਾਂ ’ਤੇ ਕੂੜਾ ਸਾੜਿਆ ਜਾ ਰਿਹਾ ਹੈ। ਉਦਯੋਗਿਕ ਪ੍ਰਦੂਸ਼ਣ ਹੈ। ਸਾਰੀਆਂ ਰਜਿਸਟਰਡ ਉਦਯੋਗਿਕ ਇਕਾਈਆਂ ਨੂੰ ਪੀਐੱਨਜੀ ਵਿੱਚ ਤਬਦੀਲ ਕਰਨਾ ਸ਼ਾਮਲ ਹੈ। ਗ੍ਰੀਨ ਵਾਰ ਰੂਮ ਅਤੇ ਗ੍ਰੀਨ ਦਿੱਲੀ ਐਪ ਬਣਾਈ ਗਈ ਹੈ। ਇਸ ਨੂੰ ਹੋਰ ਅੱਪਗ੍ਰੇਡ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ।
ਉਨ੍ਹਾਂ ਕਿਹਾ ਕਿ ਅਗਲਾ ਫੋਕਸ ਪੁਆਇੰਟ ‘ਹੌਟਸਪੌਟ’ ਹੈ। ਇਹ ਦਿੱਲੀ ਦੇ ਉਹ ਖੇਤਰ ਹਨ, ਜਿੱਥੇ ਲੋਕ ਪ੍ਰਦੂਸ਼ਣ ਤੋਂ ਸਭ ਤੋਂ ਵੱਧ ਪੀੜਤ ਹਨ। ਫੋਕਸ ਪੁਆਇੰਟ ਈ-ਵੇਸਟ ਈਕੋ ਪਾਰਕ ਹੈ। ਦਿੱਲੀ ਦੇ ਪਿੰਡ ਹੋਲੰਬੀ ਕਲਾਂ ਵਿੱਚ ਭਾਰਤ ਦਾ ਪਹਿਲਾ ਈਕੋ ਪਾਰਕ ਬਣਾਇਆ ਜਾ ਰਿਹਾ ਹੈ। ਇਹ ਈਕੋ ਪਾਰਕ ਜ਼ੀਰੋ ਵੇਸਟ ਨੀਤੀ ’ਤੇ ਕੰਮ ਕਰੇਗਾ। ਸਰਕਾਰ ਦਾ ਅਗਲਾ ਫੋਕਸ ਬਿੰਦੂ ਦਿੱਲੀ ਵਿੱਚ ਗ੍ਰੀਨ ਕਵਰ ਨੂੰ ਵਧਾਉਣਾ ਹੋਵੇਗਾ। ਅਗਲਾ ਫੋਕਸ ਪੁਆਇੰਟ ਪਟਾਕਿਆਂ ’ਤੇ ਪਾਬੰਦੀ ਹੈ। ਗੋਪਾਲ ਰਾਏ ਨੇ ਕਿਹਾ ਕਿ ਮੁੱਖ ਫੋਕਸ ਬਿੰਦੂਆਂ ’ਤੇ ਵਿਸਥਾਰ ਨਾਲ ਚਰਚਾ ਕਰਨ ਲਈ 21 ਅਗਸਤ ਨੂੰ ਦਿੱਲੀ ਸਕੱਤਰੇਤ ਵਿੱਚ ਵਾਤਾਵਰਨ ਮਾਹਿਰਾਂ ਨਾਲ ਵਾਤਾਵਰਨ ਬਚਾਓ ਗੋਲਮੇਜ਼ ਕਾਨਫਰੰਸ ਕਰਵਾਈ ਜਾਵੇਗੀ।