ਪੱਤਰ ਪ੍ਰੇਰਕ
ਸ਼ਾਹਬਾਦ ਮਾਰਕੰਡਾ, 2 ਅਗਸਤ
ਕਾਂਗਰਸ ਵੱਲੋਂ ਸ਼ੁਰੂ ਕੀਤੇ ਗਏ ਹਰਿਆਣਾ ਮਾਂਗੇ ਹਿਸਾਬ ਪ੍ਰੋਗਰਾਮ ਦੇ ਤਹਿਤ ਹਲਕਾ ਲਾਡਵਾ ਦੇ ਵਿਧਾਇਕ ਮੇਵਾ ਸਿੰਘ ਨੇ ਪਿੰਡ ਸੰਗਰੂਰ ਵਿੱਚ ਮੰਡਲ ਪੱਧਰੀ ਪਾਰਟੀ ਕਾਰਕੁਨ ਸਮਾਗਮ ਨੂੰ ਸੰਬੋਧਨ ਕੀਤਾ। ਇਸ ਮੌਕੇ ਵੱਡੀ ਗਿਣਤੀ ਵਿਚ ਇਨੈਲੋ ਤੇ ਜਜਪਾ ਨੂੰ ਛੱਡ ਕੇ ਲੋਕਾਂ ਨੇ ਕਾਂਗਰਸ ਵਿੱਚ ਸ਼ਾਮਲ ਹੋਣ ਦਾ ਐਲਾਨ ਕੀਤਾ।
ਮੇਵਾ ਸਿੰਘ ਨੇ ਪਾਰਟੀ ਵਿੱਚ ਸ਼ਾਮਲ ਹੋਣ ਵਾਲੇ ਲੋਕਾਂ ਦਾ ਸੁਆਗਤ ਕਰਦਿਆਂ ਕਿਹਾ ਕਿ ਪਾਰਟੀ ਵਿੱਚ ਸਭ ਨੂੰ ਮਾਣ ਸਤਿਕਾਰ ਦਿੱਤਾ ਜਾਏਗਾ। ਭਾਜਪਾ ਸਰਕਾਰ ਦੀਆਂ 10 ਸਾਲਾਂ ਦੀਆਂ ਨਾਕਾਮੀਆਂ ਨੂੰ ਉਜਾਗਰ ਕਰਦਿਆਂ ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਵਲੋਂ ਮੰਗੇ 15 ਸੁਆਲਾਂ ਦੀ ਚਾਰਜਸ਼ੀਟ ਤੇ ਭਾਜਪਾ ਸਰਕਾਰ ਤੋਂ ਜੁਆਬ ਮੰਗੇ ਹਨ। ਉਨ੍ਹਾਂ ਕਿਹਾ ਕਿ ਅੱਜ ਹਰਿਆਣਾ ਨਸ਼ਿਆਂ ਦਾ ਧੁਰਾ ਬਣ ਗਿਆ ਹੈ ਤੇ ਨਸ਼ੇ ਹਰ ਘਰ ਤਕ ਪਹੁੰਚ ਰਹੇ ਹਨ। ਉਨ੍ਹਾਂ ਕਿਹਾ ਕਿ ਸਰਕਾਰ ਦੱਸੇ ਕਿ ਅੱਜ ਸਭ ਤੋਂ ਵੱਧ ਮੰਹਿਗਾਈ ਹਰਿਆਣਾ ਵਿਚ ਕਿਉਂ ਹੈ? ਮੇਵਾ ਸਿੰਘ ਨੇ ਕਿਹਾ ਕਿ ਭਾਜਪਾ ਦੇ ਰਾਜ ਦੌਰਾਨ ਹਜ਼ਾਰਾਂ ਕਰੋੜ ਰੁਪਏ ਦੇ 50 ਤੋਂ ਵੱਧ ਵੱਡੇ ਘਪਲੇ ਹੋਏ ਹਨ ਤੇ ਕਿਸਾਨਾਂ ਨੂੰ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਭਾਜਪਾ ਸਰਕਾਰ ਦਲਿਤਾਂ ਤੇ ਪਛੜੇ ਵਰਗਾਂ ਦੀ ਘੋਰ ਅਣਦੇਖੀ ਕਰ ਰਹੀ ਹੈ ,ਅਗਨੀ ਪੱਥ ਤੇ ਸਕਿੱਲ ਕਾਰਪੋਰੇਸ਼ਨ ਰਾਹੀਂ ਸਥਾਈ ਨੌਕਰੀਆਂ ਨੂੰ ਤਬਾਹ ਕੀਤਾ ਜਾ ਰਿਹਾ ਹੈ। ਸਿਹਤ ਸੇਵਾਵਾਂ ਦਾ ਦੀਵਾਲੀਆ ਨਿਕਲ ਚੁੱਕਾ ਹੈ, ਸਿੱਖਿਆ ਪ੍ਰਣਾਲੀ ਬਰਬਾਦ ਹੋ ਰਹੀ ਹੈ । ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਸੂਬੇ ਵਿੱਚ ਕਾਂਗਰਸ ਦੀ ਸਰਕਾਰ ਬਣ ਰਹੀ ਹੈ ਤੇ ਇਸ ਨੂੰ ਇਤਿਹਾਸਕ ਬਣਾਉਣ ਲਈ ਸਾਰੇ ਮਿਲ ਕੇ ਕੰਮ ਕਰਨ।