ਪੱਤਰ ਪ੍ਰੇਰਕ
ਨਵੀਂ ਦਿੱਲੀ, 2 ਅਗਸਤ
ਦਿੱਲੀ ਦੇ ਮੰਤਰੀ ਆਤਿਸ਼ੀ ਨੇ ਰੋਹਿਣੀ ’ਚ ਆਸ਼ਾ ਕਿਰਨ ਆਸਰਾ ਘਰ ’ਚ 14 ਵਿਅਕਤੀਆਂ ਦੀ ਮੌਤ ਸਬੰਧੀ ਮੈਜਿਸਟ੍ਰੇਟ ਜਾਂਚ ਦਾ ਹੁਕਮ ਦਿੱਤਾ ਹੈ। ਇਸ ਆਸਰਾ ਘਰ ਵਿੱਚ ਜੁਲਾਈ ਵਿੱਚ ਇੱਕ ਬੱਚੇ ਸਮੇਤ ਇਨ੍ਹਾਂ ਮੌਤਾਂ ਦੀ ਰਿਪੋਰਟ ਸਾਹਮਣੇ ਆਈ ਸੀ। ਆਤਿਸ਼ੀ ਨੇ ਸਥਿਤੀ ਦੀ ਗੰਭੀਰਤਾ ’ਤੇ ਜ਼ੋਰ ਦਿੱਤਾ ਅਤੇ ਪੂਰੀ ਜਾਂਚ ਦਾ ਭਰੋਸਾ ਦਿੱਤਾ। ਇਸ ਮੁੱਦੇ ਨੂੰ ਲੋਕ ਸਭਾ ਵਿੱਚ ਵੀ ਭਾਜਪਾ ਦੇ ਦਿੱਲੀ ਤੋਂ ਲੋਕ ਸਭਾ ਮੈਂਬਰ ਯੋਗਿੰਦਰ ਚੰਦੇਲੀਆ ਨੇ ਉਠਾਇਆ। ਆਤਿਸ਼ੀ ਨੇ ਕਿਹਾ ਕਿ ਮੁੱਢਲੀ ਰਿਪੋਰਟ 24 ਘੰਟਿਆਂ ਦੇ ਅੰਦਰ ਪੇਸ਼ ਕੀਤੀ ਜਾਵੇਗੀ ਤੇ ਕਿਸੇ ਵੀ ਅਧਿਕਾਰੀ ਦੀ ਲਾਪ੍ਰਵਾਹੀ ਪਾਈ ਗਈ ਤਾਂ ਉਸ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ। ਮੰਤਰੀ ਨੇ ਕਿਹਾ ਕਿ ਪੋਸਟਮਾਰਟਮ ਰਿਪੋਰਟਾਂ ਦੀ ਉਡੀਕ ਕੀਤੀ ਜਾ ਰਹੀ ਹੈ। ਜੇ ਕੋਈ ਮੌਤ ਅਣਗਹਿਲੀ ਕਾਰਨ ਹੋਈ ਹੈ ਤਾਂ ਇਸ ਵਿੱਚ ਸ਼ਾਮਲ ਕਿਸੇ ਵੀ ਵਿਅਕਤੀ ਨੂੰ ਬਖਸ਼ਿਆ ਨਹੀਂ ਜਾਵੇਗਾ।
ਉਨ੍ਹਾਂ ਕਿਹਾ ਕਿ ਮੌਤਾਂ ਦੀ ਖ਼ਬਰ ਫੈਲਣ ਤੋਂ ਬਾਅਦ ਤੁਰੰਤ ਮੈਜਿਸਟ੍ਰੇਟ ਜਾਂਚ ਦੇ ਹੁਕਮ ਦਿੱਤੇ ਗਏ। ਰਿਪੋਰਟ ਅਨੁਸਾਰ ਕਾਰਵਾਈ ਕੀਤੀ ਜਾਵੇਗੀ ਤੇ ਉਨ੍ਹਾਂ ਭਵਿੱਖ ਵਿੱਚ ਅਜਿਹੀਆਂ ਘਟਨਾਵਾਂ ਨੂੰ ਰੋਕਣ ਲਈ ਸਖ਼ਤ ਉਪਾਵਾਂ ਦਾ ਵਾਅਦਾ ਕੀਤਾ।
ਮੰਤਰੀ ਆਤਿਸ਼ੀ ਨੇ ਭਵਿੱਖ ਵਿੱਚ ਹੋਣ ਵਾਲੀਆਂ ਖਾਮੀਆਂ ਨੂੰ ਰੋਕਣ ਲਈ ਪੂਰੀ ਤਰ੍ਹਾਂ ਜਾਂਚ ਅਤੇ ਸਿਸਟਮ ਦੇ ਸੁਧਾਰ ਦੀ ਲੋੜ ’ਤੇ ਜ਼ੋਰ ਦਿੱਤਾ। ਉਨ੍ਹਾਂ ਮਾਲ ਵਿਭਾਗ ਦੇ ਵਧੀਕ ਮੁੱਖ ਸਕੱਤਰ ਨੂੰ ਜਾਂਚ ਕਰਨ ਅਤੇ ਲਾਪ੍ਰਵਾਹੀ ਲਈ ਜ਼ਿੰਮੇਵਾਰ ਵਿਅਕਤੀਆਂ ਵਿਰੁੱਧ ਕਾਰਵਾਈ ਕਰਨ ਦੀ ਸਿਫਾਰਸ਼ ਕਰਨ ਦੇ ਨਿਰਦੇਸ਼ ਦਿੱਤੇ।
ਉਧਰ ਭਾਜਪਾ ਨੇ ਲੋਕ ਸਭਾ ਵਿੱਚ ਇਸ ਮੁੱਦੇ ਨੂੰ ਉਠਾਉਣ ਦੀ ਯੋਜਨਾ ਦਾ ਐਲਾਨ ਕੀਤਾ ਅਤੇ ਨੇਤਾਵਾਂ ਨੂੰ ਸ਼ੈਲਟਰ ਹੋਮ ਵਿੱਚ ਭੇਜਿਆ, ਜਿੱਥੇ ਉਨ੍ਹਾਂ ਨੂੰ ਦਾਖ਼ਲ ਹੋਣ ਤੋਂ ਇਨਕਾਰ ਕਰ ਦਿੱਤਾ ਗਿਆ। ਜਿਸ ਮਗਰੋਂ ਭਾਜਪਾ ਆਗੂਆਂ ਵੱਲੋਂ ਵਿਰੋਧ ਪ੍ਰਦਰਸ਼ਨ ਕੀਤਾ ਗਿਆ। ਪ੍ਰਦਰਸ਼ਨ ਦੀ ਅਗਵਾਈ ਦਿੱਲੀ ਭਾਜਪਾ ਮਹਿਲਾ ਮੋਰਚਾ ਦੀ ਮੀਤ ਪ੍ਰਧਾਨ ਰੇਖਾ ਗੁਪਤਾ ਤੇ ਉੱਤਰੀ ਪੱਛਮੀ ਜ਼ਿਲ੍ਹਾ ਦਿੱਲੀ ਦੇ ਪ੍ਰਧਾਨ ਸਤਿਆਨਰਾਇਣ ਗੌਤਮ ਨੇ ਕੀਤੀ। ਦਿੱਲੀ ਦੇ ਕੈਬਨਿਟ ਮੰਤਰੀ ਗੋਪਾਲ ਰਾਏ ਨੇ ਪਾਣੀ ਭਰੇ ਨਾਲੇ ਵਿੱਚ ਮਾਂ ਅਤੇ ਬੱਚੇ ਦੇ ਡੁੱਬਣ ਦੀ ਤਾਜ਼ਾ ਘਟਨਾ ਦਾ ਹਵਾਲਾ ਦਿੰਦੇ ਹੋਏ ਭਾਜਪਾ ਦੀ ਆਪਣੇ ਹਿਤਾਂ ਮੁਤਾਬਕ ਮੁੱਦਿਆਂ ਨੂੰ ਤੋੜਨ-ਮਰੋੜਨ ਦਾ ਨੀਤੀ ਨੂੰ ਭੰਡਿਆ।