ਪੱਤਰ ਪ੍ਰੇਰਕ
ਨਵੀਂ ਦਿੱਲੀ, 2 ਅਗਸਤ
ਮਯੂਰ ਵਿਹਾਰ ਫੇਜ਼-3 ਵਿੱਚ ਡੀਡੀਏ ਦੇ ਖੁੱਲ੍ਹੇ ਨਾਲੇ ਵਿੱਚ ਡਿੱਗਣ ਕਾਰਨ ਮਾਂ-ਪੁੱਤ ਦੀ ਮੌਤ ਮਾਮਲੇ ’ਤੇ ਦਿੱਲੀ ਵਿੱਚ ਸਿਆਸਤ ਜਾਰੀ ਹੈ। ਸੱਤਾਧਿਰ ਆਮ ਆਦਮੀ ਪਾਰਟੀ ਨੇ ਭਾਜਪਾ, ਐੱਲਜੀ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ’ਤੇ ਇਸ ਘਟਨਾ ਸਬੰਧੀ ਚੁੱਪੀ ਧਾਰਨ ਦਾ ਦੋਸ਼ ਲਾਇਆ ਹੈ ਤੇ ਭਾਜਪਾ ਦੀ ਕਾਰਵਾਈ ’ਤੇ ਸੁਆਲ ਚੁੱਕੇ ਹਨ। ‘ਆਪ’ ਨੇ ਐੱਲਜੀ ਨੂੰ ਖ਼ਿਲਾਫ਼ ਸ਼ਨਿਚਰਵਾਰ ਨੂੰ ਰਾਜ ਨਿਵਾਸ ’ਚ ਰੋਸ ਪ੍ਰਦਰਸ਼ਨ ਕਰਨ ਦਾ ਫ਼ੈਸਲਾ ਕੀਤਾ ਹੈ। ਇਸ ਸਬੰਧੀ ‘ਆਪ’ ਦੇ ਦਿੱਲੀ ਪ੍ਰਦੇਸ਼ ਕਨਵੀਨਰ ਗੋਪਾਲ ਰਾਏ ਨੇ ਦੱਸਿਆ ਕਿ ਮਾਂ-ਪੁੱਤ ਦੀ ਮੌਤ ਡੀਡੀਏ ਦੀ ਅਣਗਹਿਲੀ ਕਾਰਨ ਹੋਈ ਹੈ ਪਰ ਰਾਜਿੰਦਰ ਨਗਰ ਦੀ ਦੁਖਦਾਈ ਘਟਨਾ ’ਤੇ ਸਿਆਸਤ ਕਰ ਰਹੀ ਭਾਜਪਾ ਅਤੇ ਐੱਲਜੀ ਇਸ ਮਾਮਲੇ ’ਤੇ ਚੁੱਪ ਹਨ। ਉਨ੍ਹਾਂ ਕਿਹਾ ਕਿ ਐੱਲਜੀ ਸਾਹਿਬ ਨੇ ਘਟਨਾ ਲਈ ਜ਼ਿੰਮੇਵਾਰ ਅਧਿਕਾਰੀਆਂ ਖ਼ਿਲਾਫ਼ ਕਾਰਵਾਈ ਨਹੀਂ ਕੀਤੀ ਅਤੇ ਨਾ ਹੀ ਪੀੜਤ ਪਰਿਵਾਰ ਨੂੰ ਮੁਆਵਜ਼ਾ ਦੇਣ ਦਾ ਐਲਾਨ ਕੀਤਾ ਹੈ। ਇਸ ਦੇ ਨਾਲ ਹੀ ਭਾਜਪਾ ਅਰਵਿੰਦ ਕੇਜਰੀਵਾਲ ਨੂੰ ਬਦਨਾਮ ਕਰਨ ਦੀ ਪ੍ਰਕਿਰਿਆ ਵਿੱਚ ਇੰਨੀ ਹੇਠਾਂ ਝੁਕ ਗਈ ਕਿ ਇਸ ਦੇ ਕੁਝ ਨੇਤਾਵਾਂ ਨੇ ਮਯੂਰ ਵਿਹਾਰ ਕਾਂਡ ਦੀ ਵੀਡੀਓ ਬਣਾ ਲਈ ਅਤੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ ਕਿ ਇਹ ਦਿੱਲੀ ਸਰਕਾਰ ਦੀ ਪੀਡਬਲਯੂਡੀ ਦੀ ਡਰੇਨ ਹੈ ਪਰ ਜਦੋਂ ਉਨ੍ਹਾਂ ਨੂੰ ਪਤਾ ਲੱਗਾ ਕਿ ਇਹ ਡਰੇਨ ਡੀਡੀਏ ਦੀ ਹੈ ਤਾਂ ਉਨ੍ਹਾਂ ਦੇ ਮੂੰਹ ਬੰਦ ਹੋ ਗਏ। ਆਮ ਆਦਮੀ ਪਾਰਟੀ ਦੇ ਦਿੱਲੀ ਪ੍ਰਦੇਸ਼ ਕਨਵੀਨਰ ਗੋਪਾਲ ਰਾਏ ਅਤੇ ਕੋਂਡਲੀ ਦੇ ਵਿਧਾਇਕ ਕੁਲਦੀਪ ਕੁਮਾਰ ਨੇ ਸ਼ੁੱਕਰਵਾਰ ਨੂੰ ਪਾਰਟੀ ਹੈੱਡਕੁਆਰਟਰ ਵਿੱਚ ਸਾਂਝੀ ਪ੍ਰੈੱਸ ਕਾਨਫਰੰਸ ਕੀਤੀ। ਇਸ ਦੌਰਾਨ ਗੋਪਾਲ ਰਾਏ ਨੇ ਕਿਹਾ, ‘‘ਦਿੱਲੀ ਵਿੱਚ ਜਦੋਂ ਤੋਂ ਦਿੱਲੀ ਵਿੱਚ ਸਾਡੀ ਪਾਰਟੀ ਦੀ ਸਰਕਾਰ ਬਣੀ ਹੈ, ਕੇਂਦਰ ਦੀ ਭਾਜਪਾ ਸਰਕਾਰ ਦਿੱਲੀ ਸਰਕਾਰ ਨੂੰ ਕਮਜ਼ੋਰ ਕਰਨ ਦੀ ਮੁਹਿੰਮ ਚਲਾ ਰਹੀ ਹੈ।
ਦਿੱਲੀ ਦੇਸ਼ ਦੀ ਰਾਜਧਾਨੀ ਹੈ, ਇਸ ਲਈ ਰਾਜ ਅਤੇ ਕੇਂਦਰ ਸਰਕਾਰਾਂ ਦਾ ਅਧਿਕਾਰ ਖੇਤਰ ਪਹਿਲਾਂ ਹੀ ਵੰਡਿਆ ਹੋਇਆ ਹੈ। ਇੱਥੇ ਡੀਡੀਏ, ਪੁਲੀਸ ਅਤੇ ਜ਼ਮੀਨ ਕੇਂਦਰ ਸਰਕਾਰ ਦੇ ਅਧੀਨ ਆਉਂਦੀ ਹੈ ਪਰ ਭਾਜਪਾ ਨੇ ਸੁਪਰੀਮ ਕੋਰਟ ਦੇ ਪੰਜ ਜੱਜਾਂ ਦੇ ਬੈਂਚ ਦੇ ਫ਼ੈਸਲੇ ਦੇ ਉਲਟ ਜਾ ਕੇ, ਦਿੱਲੀ ਦੀ ਚੁਣੀ ਹੋਈ ਸਰਕਾਰ ਕੋਲ ਅਫਸਰਾਂ ਦੇ ਤਬਾਦਲੇ-ਤਾਇਨਾਤੀਆਂ ਅਤੇ ਸਾਰੇ ਕੰਮ ਕਰਨ ਅਤੇ ਫ਼ੈਸਲੇ ਲੈਣ ਦੀ ਸ਼ਕਤੀ ਨੂੰ ਉਲਟਾ ਦਿੱਤਾ। ਉਨ੍ਹਾਂ ਨੇ ਸੰਸਦ ਵਿੱਚ ਕਾਨੂੰਨ ਪਾਸ ਕਰ ਕੇ ਦਿੱਲੀ ਸਰਕਾਰ ਦੇ ਅਧਿਕਾਰ ਵੀ ਖੋਹ ਲਏ।
ਭਾਜਪਾ ਨੇ ਅਰਵਿੰਦ ਕੇਜਰੀਵਾਲ ਵੱਲੋਂ ਸਿੱਖਿਆ, ਸਿਹਤ, ਬਿਜਲੀ, ਪਾਣੀ, ਔਰਤਾਂ ਦੀ ਯਾਤਰਾ ਅਤੇ ਬਜ਼ੁਰਗਾਂ ਲਈ ਤੀਰਥ ਯਾਤਰਾ ਵਿੱਚ ਕੀਤੇ ਕੰਮਾਂ ਨੂੰ ਲਗਾਤਾਰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਹੈ।’’ ਕੁਲਦੀਪ ਕੁਮਾਰ ਨੇ ਕਿਹਾ ਕਿ ਇਸ ਘਟਨਾ ਤੋਂ ਬਾਅਦ ਤੋਂ ਇੱਕ ਵੀ ਭਾਜਪਾ ਆਗੂ ਮੌਕੇ ’ਤੇ ਨਹੀਂ ਆਇਆ ਅਤੇ ਨਾ ਹੀ ਪੂਰਬੀ ਦਿੱਲੀ ਦੇ ਸੰਸਦ ਮੈਂਬਰ ਪੀੜਤ ਪਰਿਵਾਰ ਨੂੰ ਮਿਲੇ ਹਨ।
ਉਨ੍ਹਾਂ ਕਿਹਾ, ‘‘ਅਸੀਂ ਉਪ ਰਾਜਪਾਲ ਨੂੰ ਆਪਣੀ ਜ਼ਿੰਮੇਵਾਰੀ ਤੋਂ ਭੱਜਣ ਨਹੀਂ ਦੇਵਾਂਗੇ, ਉਨ੍ਹਾਂ ਨੂੰ ਆਪਣੇ ਅਧੀਨ ਸੀਨੀਅਰ ਡੀਡੀਏ ਅਫਸਰਾਂ ਖ਼ਿਲਾਫ਼ ਕਾਰਵਾਈ ਕਰਨੀ ਪਵੇਗੀ। ਜੇ ਹੁਣ ਵੀ ਐੱਲਜੀ ਨੇ ਸੀਨੀਅਰ ਅਧਿਕਾਰੀਆਂ ਖ਼ਿਲਾਫ਼ ਕਾਰਵਾਈ ਨਾ ਕੀਤੀ ਤਾਂ ਉਹ ਨਹੀਂ ਸੁਧਰਣਗੇ ਅਤੇ ਭਵਿੱਖ ’ਚ ਵੀ ਅਜਿਹੀਆਂ ਘਟਨਾਵਾਂ ਵਾਪਰ ਸਕਦੀਆਂ ਹਨ।’’ ਜ਼ਿਕਰਯੋਗ ਹੈ ਕਿ ਬੀਤੇ ਦਿਨ ਵੀ ਆਮ ਆਦਮੀ ਪਾਰਟੀ ਨੇ ਘਟਨਾ ਵਾਲੀ ਥਾਂ ਉਪਰ ਐੱਲਜੀ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ ਸੀ।